ਨਵੀਂ ਦਿੱਲੀ : ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਦੋਸ਼ੀ ਖੇਮਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ।
ਤੀਸ ਹਜ਼ਾਰੀ ਕੋਰਟ ਨੇ ਖੇਮਪ੍ਰੀਤ ਸਿੰਘ ਨੂੰ ਜ਼ਮਾਨਤ ਦਿੰਦਿਆਂ ਉਸ ਨੂੰ 50 ਹਜ਼ਾਰ ਰੁਪਏ ਦਾ ਨਿੱਜੀ ਮੁਚਲਕੇ ਦੇ ਨਾਲ ਇੱਕ ਸਥਾਨਕ ਜ਼ਮਾਨਤ ਪੇਸ਼ ਕਰਨ ਲਈ ਕਿਹਾ। ਵਧੀਕ ਸੈਸ਼ਨ ਜੱਜ ਕਾਮਿਨੀ ਲੌ ਨੇ ਉਸ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਇਸਤਗਾਸਾ ਪੱਖ ਵਲੋਂ ਜਾਰੀ ਕੀਤੀਆਂ ਤਸਵੀਰਾਂ ਅਤੇ ਵੀਡੀਓ ਬਹੁਤ ਸਪੱਸ਼ਟ ਨਹੀਂ ਹਨ ਅਤੇ ਨਾ ਹੀ ਮੁਲਜ਼ਮ ਖੇਮਪ੍ਰੀਤ ਸਿੰਘ ਨੂੰ ਉਨ੍ਹਾਂ ’ਚ ਕਿਸੇ ’ਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਹੈ।
ਅਦਾਲਤ ਨੇ ਖੇਮਪ੍ਰੀਤ ਸਿੰਘ ਨੂੰ ਅਗਲੇ ਚਾਰ ਮਹੀਨਿਆਂ ਦੇ ਆਖ਼ਰੀ ਸ਼ਨੀਵਾਰ ਨੂੰ ਸਬੰਧਤ ਐਸਐਚਓ ਸਾਹਮਣੇ ਪੇਸ਼ ਹੋਣ ਦੀਆਂ ਹਿਦਾਇਤਾਂ ਦਿੱਤੀਆਂ ਹਨ। ਆਪਣਾ ਪਤਾ ਬਦਲਣ ‘ਤੇ ਉਸ ਨੂੰ ਐਸਐਚਓ ਅਤੇ ਨਜਦੀਕੀ ਅਦਾਲਤ ਨੂੰ ਇਸ ਬਾਰੇ ਸੂਚਿਤ ਕਰਨਾ ਪਏਗਾ। ਅਦਾਲਤ ਨੇ ਨੋਟ ਕੀਤਾ ਕਿ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਪੁਲਸ ਮੁਤਾਬਕ ਮੁਲਜ਼ਮ ਖੇਮਪ੍ਰੀਤ ਸਿੰਘ ਇਕ ਬੇਕਾਬੂ ਭੀੜ ਨਾਲ ਲਾਹੌਰ ਗੇਟ ਤੋਂ ਲਾਲ ਕਿਲ੍ਹੇ ’ਚ ਦਾਖ਼ਲ ਹੋਇਆ ਸੀ। ਉਸ ਨੇ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮ ’ਤੇ ਹਮਲਾ ਕੀਤਾ ਸੀ। ਪੁਲਸ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਮੁਲਜ਼ਮ ਦੇ ਵਕੀਲਾਂ- ਜਸਪ੍ਰੀਤ ਸਿੰਘ ਰਾਏ ਅਤੇ ਜਗਦੀਪ ਸਿੰਘ ਢਿੱਲੋਂ ਨੇ ਅਦਾਲਤ ਨੂੰ ਕਿਹਾ ਕਿ ਖੇਮਪ੍ਰੀਤ ਖਿਲਾਫ ਸਬੂਤ ਨਹੀਂ ਹਨ ਅਤੇ ਉਸ ਨੂੰ ਮਾਮਲੇ ’ਚ ਝੂਠਾ ਫਸਾਇਆ ਜਾ ਰਿਹਾ ਹੈ। ਦੋਸ਼ੀ ਖੇਮਪ੍ਰੀਤ ਸਿੰਘ ਨੂੰ 9 ਮਾਰਚ 2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਮਹੀਨੇ ਦੀਪ ਸਿੱਧੂ ਅਤੇ ਹੋਰਾਂ ਵਿਰੁੱਧ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਨਾਲ ਸਬੰਧਤ ਇੱਕ ਕੇਸ ਦੇ ਸਬੰਧ ਵਿੱਚ ਦੋਸ਼-ਪੱਤਰ ਦਾ ਨੋਟਿਸ ਲਿਆ ਸੀ ਅਤੇ ਉਨ੍ਹਾਂ ਵਿਰੁੱਧ ਸੰਮਨ ਜਾਰੀ ਕੀਤੇ ਸਨ। ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਗਰ ਨੇ ਦੀਪ ਸਿੱਧੂ ਅਤੇ ਹੋਰਾਂ ਨੂੰ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 29 ਜੂਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸਾਹਮਣੇ ਪੇਸ਼ ਹੋਣ ਲਈ ਕਿਹਾ ਅਤੇ ਬਾਅਦ ਵਿਚ ਸਿੱਧੂ ਦੇ ਸੰਮਨ ਪੇਸ਼ ਨਾ ਹੋਣ ‘ਤੇ ਤਾਜ਼ਾ ਸੰਮਨ ਜਾਰੀ ਕੀਤੇ।
ਇਹ ਵੀ ਪੜ੍ਹੋ : ‘ਆਪ’ ਵੱਲੋਂ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ, ਬੈਰੀਕੇਡਿੰਗ ਤੋੜੇ, ਪੁਲਿਸ ਵੱਲੋਂ ਪਾਣੀ ਦੀਆਂ ਬੌਛਾਰਾਂ
ਚਾਰਜਸ਼ੀਟ ਵਿੱਚ ਦੀਪ ਸਿੱਧੂ ਅਤੇ ਹੋਰਾਂ ਨੂੰ ਕੇਸ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਪਹਿਲੀ ਚਾਰਜਸ਼ੀਟ 17 ਮਈ ਨੂੰ ਤੀਸ ਹਜ਼ਾਰੀ ਕੋਰਟ ਵਿੱਚ ਇੱਕ ਮੈਜਿਸਟਰੇਟ ਦੇ ਸਾਹਮਣੇ ਦਾਇਰ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੀਪ ਸਿੱਧੂ, ਇਕਬਾਲ ਸਿੰਘ, ਮਨਿੰਦਰ ਮੋਨੀ ਅਤੇ ਖੇਮਪ੍ਰੀਤ ਸਮੇਤ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।