Lab technicians will not be fired : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਿਹਤ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਦੇ ਸ਼ੁੱਕਰਵਾਰ ਨੂੰ 22 ਲੈਬ ਟੈਕਨੀਸ਼ੀਅਨਾਂ ਨੂੰ ਨੌਕਰੀ ਕੱਢਣ ਦੇ ਹੁਕਮ ’ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਇਨ੍ਹਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ, ਸਗੋਂ ਜੋ ਕੰਟ੍ਰੈਕਟ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੀ ਨੌਕਰੀ ਵੀ ਪੱਕੀ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੀਐਮਓ ਅੰਮ੍ਰਿਤਸਰ ਵੱਲੋਂ ਇਨ੍ਹਾਂ ਸਾਰਿਆਂ ਨੂੰ ਪੱਕੀ ਕਰਨ ਦੀ ਸਿਫਾਰਿਸ਼ ਆ ਗਈ ਹੈ। ਸਰਕਾਰ ਛੇਤੀ ਸਾਰਿਆਂ ਨੂੰ ਪੱਕਾ ਕਰੇਗੀ।
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਸੰਕਟ ਵੇਲੇ ਮੈਡੀਕਲ ਸਟਾਫ ਨੂੰ ਇਸ ਤਰ੍ਹਾਂ ਕੱਢੇ ਜਾਣ ਦੇ ਹੁਕਮ ਦੇਣਾ ਕਿਸੇ ਵੀ ਤਰ੍ਹਾਂ ਤੋਂ ਸਹੀ ਨਹੀੰ ਹੈ। ਹਰ ਕੰਮ ਦੀ ਇਕ ਪ੍ਰਕਿਰਿਆ ਹੁੰਦੀ ਹੈ। ਸਾਰੇ ਜ਼ਿਲਿਆਂ ਤੋਂ ਪਤਾ ਕਰਨਾ ਪੈਂਦਾ ਹੈ ਕਿ ਕਿੰਨੇ ਲੋਕਾਂ ਦੀ ਕਿੱਥੇ ਲੋੜ ਹੈ ਅਤੇ ਇਨ੍ਹਾਂ ਨੂੰ ਕਿੱਥੇ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਕਰੀ ਤੋਂ ਕੱਢਣ ਵਰਗਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਵੀ ਵਿਚਾਰ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ’ਚ ਪੰਜ ਅਹੁਦੇ ਮਨਜ਼ੂਰ ਹੋਣ ’ਤੇ 27 ਲੋਕਾਂ ਦੇ ਕੰਮ ਕਰਨ ਬਾਰੇ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਵਾਧੂ ਸਟਾਫ ਦੀ ਲੋੜ ਹੈ ਅਤੇ ਅੰਮ੍ਰਿਤਸਰ ਵਿਚ ਹੀ ਸਬ ਤੋਂ ਪਹਿਲਾਂ ਕੋਰੋਨਾ ਦੇ ਮਰੀਜ਼ ਆਏ ਸਨ। ਉਥੇ ਮਰੀਜ਼ਾਂ ਦੀ ਵਧ ਰਹੀ ਲਗਾਤਾਰ ਗਿਣਤੀ ਕਾਰਨ ਵਾਧੂ ਲੈਬ ਤਕਨੀਸ਼ੀਅਨ ਰਖੇ ਗਏ ਹਨ।
ਇਥੇ ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਅਨੁਰਾਗ ਅਗਰਵਾਲ ਨੇ 27 ਵਿਚੋਂ 22 ਲੈਬ ਤਕਨੀਸ਼ੀਅਨਾਂ ਪ੍ਰਭਾਵਸ਼ਾਲੀ ਲੋਕਾਂ ਦੀ ਸਿਫਾਰਿਸ਼ਾਂ ਕਾਰਨ ਲੱਗੇ ਹੋਣ ਦਾ ਹਵਾਲਾ ਦੇ ਕੇ ਕੱਢ ਦਿੱਤਾ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਦੀ ਟਰਾਂਸਫਰ ਕਰਨ ’ਤੇ ਇਹ ਮੁੜ ਸਿਫਾਰਿਸ਼ਾਂ ਨਾਲ ਉਥੇ ਆ ਜਾਂਦੇ ਹਨ।