Labor special trains closed : ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਤੱਕ ਪਹੁੰਚਾਉਣ ਲਈ ਇਕ ਮਈ ਤੋਂ ਲੈ ਕੇ 29 ਮਈ ਤੱਕ ਸ਼੍ਰਮਿਕ ਟ੍ਰੇਨਾਂ ਚਲਾਈਆਂ ਗਈਆਂ ਸਨ। ਉਸ ਤੋਂ ਬਾਅਦ ਵੀ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਇਸ ਟ੍ਰੇਨ ਨੂੰ ਅੱਗੇ ਚਲਾਉਣ ਦੀ ਹੁਣ ਕੋਈ ਯੋਜਨਾ ਨਹੀਂ ਹੈ। ਹੁਣ ਜੇਕਰ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਆਪਰਣੇ ਸੂਬੇ ’ਚ ਵਾਪਿਸ ਜਾਣਾ ਹੋਵੇਗਾ ਤਾਂ ਉਸ ਨੂੰ ਇਸ ਲਈ ਖੁਦ ਕਿਰਾਇਆ ਭਰਨਾ ਪਏਗਾ।
ਅਜਿਹੇ ਸਮੇਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਲੌਕਡਾਊਨ ਕਾਰਨ ਜਿਥੇ ਲੋਕਾਂ ਦੇ ਰੋਜ਼ਗਾਰ ਖੋਹੇ ਗਏ ਹਨ, ਉਨ੍ਹਾਂ ਦੀ ਆਰਥਿਕ ਸਥਿਤੀਵੀ ਖਰਾਬ ਹੈ ਤਾਂ ਪ੍ਰਵਾਸੀ ਮਜ਼ਦੂਰ ਕਿਰਾਇਆ ਕਿਸ ਤਰ੍ਹਾਂ ਦੇਣਗੇ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਕਈ ਲੋਕਾਂ ਨੇ ਆਪਣੇ ਘਰਾਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਦੇ ਬਾਵਜੂਦ ਅਜੇ ਵੀ ਕਈ ਪ੍ਰਵਾਸੀ ਘਰਾਂ ਨੂੰ ਜਾਣਾ ਚਾਹੁੰਦੇ ਹਨ। ਉਥੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕਿਹਾ ਸੀ ਕਿ ਜਦੋਂ ਤੱਕ ਪ੍ਰਵਾਸੀ ਲੋਕ ਆਪਣੇ ਸੂਬਿਆਂ ਤੱਕ ਨਹੀਂ ਪਹੁੰਚ ਜਾਂਦੇ ਇਹ ਸਿਲਸਿਲਾ ਰੁਕੇਗਾ ਨਹੀਂ ਪਰ ਇਸ ਸਮੇਂ ਅਜਿਹਾ ਟ੍ਰੇਨਾਂ ਦੇ ਬੰਦ ਹੋਣ ਨਾਲ ਉਨ੍ਹਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਵਾਸੀਆਂ ਨੂੰ ਆਪਣੇ ਸੂਬੇ ’ਚ ਵਾਪਸ ਜਾਣ ਲਈ ਪਹਿਲਾਂ ਅੰਬਾਲਾ ਰੇਲਵੇ ਸਟੇਸ਼ਨ ਜਾਣਾ ਹੋਵੇਗੀ। ਉਥੇ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਟ੍ਰੇਨਾਂ ਜਾਣਗੀਆਂ। ਭਾਵੇਂ ਰੇਲਵੇ ਨੇ ਕਿਰਾਇਆਂ ’ਚ ਵਾਧਾ ਨਹੀਂ ਕੀਤਾ ਹੈ ਪਰ ਬਿਨਾਂ ਪੈਸਿਆਂ ਦੇ ਇਹ ਲੋਕ ਆਪਣੇ ਘਰਾਂ ਤੱਕ ਕਿਵੇਂ ਪਹੁੰਚਣਗੇ। ਭਾਵੇਂ ਰੇਲਵੇ ਮੰਤਰਾਲਾ ਨੇ ਇਕ ਜੂਨ ਤੋਂ ਪੂਰੇ ਦੇਸ਼ ਵਿਚ 200 ਟ੍ਰੇਨਾਂ ਚਲਾਉਣ ਦਾ ਹੁਕਮ ਦਿੱਤਾ ਹੈ ਪਰ ਇਸ ਸਖਤੀ ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸਿਰਫ ਇਕ ਟ੍ਰੇਨ ਜਨਸ਼ਤਾਬਦੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਅਜੇ ਇਸ ਟ੍ਰੇਨ ਦੇ ਰੂਟ ਦਾ ਫੈਸਲਾ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਤੋਂ ਸਪੈਸ਼ਲ ਟ੍ਰੇਨ ਰਾਹੀਂ ਹੁਣ ਤੱਕ 36243 ਪ੍ਰਵਾਸੀਆਂ ਨੂੰ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਵੱਖ-ਵੱਖ ਜ਼ਿਲਿਆਂ ਵਿਚ ਭੇਜਿਆ ਗਿਆ ਹੈ, ਉਥੇ ਬੱਸ ਰਾਹੀਂ ਲੱਦਾਖ, ਉਤਰਾਖੰਡ, ਜੰਮੂ ਆਦਿ ਸੂਬਿਆਂ ਵਿਚ 2188 ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਤੱਕ ਭੇਜਿਆ ਗਿਆ।