ਕਿਸਾਨ ਅੰਦੋਲਨ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਨਾਮਜ਼ਦ ਲੱਖਾ ਸਿਧਾਣਾ ਅੱਜ ਦਿੱਲੀ ਪਹੁੰਚਿਆ, ਜਿਥੇ ਉਸ ਨੂੰ ਇੱਕ ਕੇਸ ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ।
ਲੱਖਾ ਸਿਧਾਣਾ ਤੋਂ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਸੰਬੰਧੀ ਪ੍ਰਸ਼ਾਂਤ ਵਿਹਾਰ ਵਿੱਚ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਚਾਰ ਘੰਟੇ ਪੁੱਛਗਿੱਛ ਕੀਤੀ ਗਈ। ਉਹ ਆਪਣੀ ਗ੍ਰਿਫਤਾਰੀ ਲਈ ਦਿੱਲੀ ਦੀ ਇਕ ਹੇਠਲੀ ਅਦਾਲਤ ਤੋਂ ਅੰਤਰਿਮ ਰਾਹਤ ਮਿਲਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਨੋਟਿਸ ‘ਤੇ ਪਹਿਲੀ ਵਾਰ ਜਾਂਚ ਵਿਚ ਸ਼ਾਮਲ ਹੋਇਆ। ਉਸ ਦੀ ਗ੍ਰਿਫਤਾਰੀ ‘ਤੇ 16 ਜੁਲਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਲੱਖਾ ਤੋਂ ਇਸ ਘਟਨਾ ਸੰਬੰਧੀ 50 ਤੋਂ ਵੱਧ ਸਵਾਲ ਪੁੱਛੇ ਗਏ ਸਨ।
ਜਾਂਚ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਲੱਖਾ ਗੁਰੂਘਰ ਗਿਆ ਅਤੇ ਉਥੇ ਅਰਦਾਸ ਕੀਤੀ ਅਤੇ ਫਿਰ ਜਾਂਚ ਵਿਚ ਸ਼ਾਮਲ ਹੋਇਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜ਼ਰੂਰਤ ਪੈਣ ‘ਤੇ ਉਸ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਵੇਗੀ। ਲੱਖਾ ਸਿਧਾਣਾ ਨੂੰ ਇੱਕ ਰਾਤ ਪਹਿਲਾਂ ਇਸ ਸੰਬੰਧੀ ਨੋਟਿਸ ਮਿਲਿਆ ਸੀ, ਜਿਸ ਕਰਕੇ ਅੱਜ ਉਹ ਪੁਲਿਸ ਸਾਹਮਣੇ ਪੇਸ਼ ਹੋਇਆ।
ਇਹ ਵੀ ਪੜ੍ਹੋ : ਮੋਹਾਲੀ ‘ਚ ਲੋਕਾਂ ਨੂੰ ਮਿਲੀ ਵੱਡੀ ਰਾਹਤ- ਵੀਕੈਂਡ ਲੌਕਡਾਊਨ ਖਤਮ, ਹੁਣ ਐਤਵਾਰ ਵੀ ਖੁੱਲ੍ਹਣਗੀਆਂ ਦੁਕਾਨਾਂ
ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਉਸ ਉੱਤੇ ਇੱਕ ਲੱਖ ਦਾ ਇਨਾਮ ਰੱਖਿਆ ਸੀ। 26 ਜੂਨ ਨੂੰ ਦਿੱਲੀ ਪੁਲਿਸ ਨੇ ਕਈ ਵਾਰ ਉਸ ਦੀ ਭਾਲ ਵਿੱਚ ਪੰਜਾਬ ‘ਚ ਕਈ ਵਾਰ ਛਾਪੇਮਾਰੀ ਕੀਤੀ। ਪਿਛਲੇ ਦਿਨੀਂ ਉਸ ਨੂੰ ਦੋ ਕੇਸਾਂ ਵਿੱਚ ਜ਼ਮਾਨਤ ਮਿਲ ਗਈ ਸੀ। ਹੁਣ 3 ਜੁਲਾਈ ਨੂੰ ਉਸ ਦੀ ਅਗਲੀ ਅਦਾਲਤੀ ਤਰੀਕ ਹੈ। ਪਿਛਲੇ ਹਫਤੇ ਚੰਡੀਗੜ੍ਹ ਵਿੱਚ ਵੀ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਮਾਰਚ ਦੌਰਾਨ ਉਸ ‘ਤੇ ਮਾਮਲੇ ਦਰਜ ਕੀਤੇ ਗਏ। ਉਸ ‘ਤੇ ਕਿਸਾਨਾਂ ਨੂੰ ਭੜਕਾਉਣ ਹੇਠ ਇਹ ਪਰਚੇ ਕੀਤੇ ਗਏ।