Large Number of Corona cases : ਕੋਰੋਨਾ ਦਾ ਕਹਿਰ ਜਲੰਧਰ ਜ਼ਿਲ੍ਹੇ ਵਿਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਵੀਰਵਾਰ ਜ਼ਿਲ੍ਹੇ ਵਿਚ ਕੋਰੋਨਾ ਦੇ 150 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਇਥੇ ਮਰੀਜ਼ਾਂ ਦੀ ਗਿਣਤੀ 5839 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਕਈ ਪੁਲਿਸ ਮੁਲਾਜ਼ਮ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਕਰਮਚਾਰੀ ਵੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਨਵੇਂ ਮਾਮਲੇ ਪੀਏਪੀ ਕੈਂਪਸ, ਗੜ੍ਹਾ ਟਾਊਨ ਐਨਕਲੇਵ, ਜੀਟੀਬੀ ਨਗਰ, ਮਾਡਲ ਹਾਊਸ, ਸੰਤੋਖਪੁਰਾ, ਅਮਰ ਗਾਰਡਨ ਗੁਲਾਬ ਦੇਵੀ ਰੋਡ, ਮਾਡਲ ਟਾਊਨ, ਕਰਤਾਰਪੁਰ, ਫੋਕਲ ਪੁਆਇੰਟ, ਅਸ਼ੋਕ ਵਿਹਾਰ, ਗੁਰੂ ਰਾਮਦਾਸ ਨਗਰ, ਗਾਂਧੀ ਕੈਂਪ, ਰਵਿੰਦਰ ਨਗਰ ਫੇਸ-2 ਅਰਬਨ ਅਸਟੇਟ, ਪੀਪੀਸੀਬੀ ਆਫਿਸ, ਥਾਣਾ ਅਪਰਾ ਸਣੇ ਹੋਰ ਇਲਾਕਿਆਂ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਹੁਣ ਸਾਹਮਣੇ ਆਏ ਵਧੇਰੇ ਮਰੀਜ਼ਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਇਨ੍ਹਾਂ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਨੂੰ ਲੈ ਕੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਲਗਭਗ 461 ਮਰੀਜ਼ ਹੋਮ ਆਈਸੋਲੇਟ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 88 ਮਰੀਜ਼ਾਂ ਨੂੰ ਠੀਕ ਹੋਣ ’ਤੇ ਹਸਪਤਾਲ ਤੇ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ ਅਤੇ ਬੀਤੇ ਦਿਨ ਸਵਿਭਾਗ ਵੱਲੋਂ 1074 ਹੋਰ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਦੱਸ ਦੇਈਏ ਕਿ ਹੁਣ ਤੱਕ ਜ਼ਿਲ੍ਹੇ ’ਚੋਂ ਕੋਰੋਨਾ ਦੇ 64781 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 57537 ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ ਹੁਣ ਤੱਕ ਜ਼ਿਲ੍ਹੇ ਵਿਚੋਂ 3602 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਦੇ 1938 ਮਾਮਲੇ ਐਕਟਿਵ ਹਨ, ਜਦਕਿ 149 ਲੋਕ ਇਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ।