Launch of a new portal : ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸਿੱਖਿਆ ਯੂਨੀਵਰਸਿਟੀ ਵਿਚ ਵੱਖ-ਵੱਖ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਵੇਂ ਪੋਰਟਲ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਵਿਦਿਆਰਥੀ ਵੱਖ ਵੱਖ ਸੇਵਾਵਾਂ ਜਿਵੇਂ ਕਿ ਅਰਜ਼ੀ ਡਿਗਰੀ ਸਰਟੀਫਿਕੇਟ (ਪੀ.ਡੀ.ਸੀ) ਟ੍ਰਾਂਸਕ੍ਰਿਪਟ, ਦਸਤਾਵੇਜ਼ / ਡਿਗਰੀ / ਨੰਬਰ ਕਾਰਡ (ਡੀ.ਐੱਮ.ਸੀ.) ਵਿੱਚ ਸੋਧ, ਤਸਦੀਕ, ਪ੍ਰਮਾਣ ਪੱਤਰ ਆਦਿ ਸੇਵਾਵਾਂ ਪ੍ਰਾਪਤ ਕਰਨ ਲਈ ਲਈ ਆਨਲਾਈਨ ਬਿਨੈ ਪੱਤਰ ਦੇ ਸਕਣਗੇ। ਇਸ ਦਾ ਉਦਘਾਟਨ ਬੀਤੇ ਦਿਨ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ। ਵਿਦਿਆਰਥੀ ਪੋਰਟਲ ਦੇ ਸਟੂਡੈਂਟ ਲੌਗਇੰਨ ਵਿਚ ਜਾ ਕੇ ਆਨਲਾਈਨ ਫੀਸ ਭਰ ਸਕਦੇ ਹਨ ਅਤੇ ਦਸਤਾਵੇਜ਼ ਦੀਆਂ ਕਾਪੀਆਂ ਆਨਲਾਈਨ ਪ੍ਰਾਪਤ ਕਰ ਸਕਦੇ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ ਨੇ ਨਵੇਂ ਸ਼ੁਰੂ ਕੀਤੇ ਗਏ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਡਾਕ ਖਰਚੇ ਦਾ ਭੁਗਤਾਨ ਕਰਕੇ ਡਾਕ ਦੁਆਰਾ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿਕਲਪ ਦੀ ਚੋਣ ਵੀ ਕਰ ਸਕਦੇ ਹਨ। ਯੂਨੀਵਰਸਿਟੀ ਦਾ ਸਟਾਫ ਵਿਦਿਆਰਥੀਆਂ ਦੀਆਂ ਆਨਲਾਈਨ ਬੇਨਤੀਆਂ ਦੇ ਨਾਲ ਸਟਾਫ ਲੌਗਇਨ ਵਿੱਚ ਜਮ੍ਹਾਂ ਵੇਰਵਿਆਂ ਨੂੰ ਘੋਖੇਗਾ। ਬੇਨਤੀ ਦੀ ਪ੍ਰਕਿਰਿਆ ਤੋਂ ਬਾਅਦ ਲੋੜੀਂਦਾ ਦਸਤਾਵੇਜ਼ ਵਿਦਿਆਰਥੀ ਲੌਗਇਨ ਤੇ ਅਪਲੋਡ ਕੀਤਾ ਜਾਏਗਾ। ਯੂਨੀਵਰਸਿਟੀ ਨੇ ਇਹ ਸਹੂਲਤ ਵੀ ਮੁਹੱਈਆ ਕਰਵਾਈ ਹੈ ਕਿ ਜੇ ਡਾਕ ਖਰਚੇ ਅਦਾ ਕੀਤੇ ਜਾਂਦੇ ਹਨ ਤਾਂ ਯੂਨੀਵਰਸਿਟੀ ਦੇ ਕਰਮਚਾਰੀ ਦਿੱਤੇ ਗਏ ਸ਼ਿਪਿੰਗ ਵੇਰਵਿਆਂਤੇ ਦਸਤਾਵੇਜ਼ ਪੋਸਟ ਕਰਨਗੇ।ਇਹ ਪ੍ਰਣਾਲੀ ਯੂਨੀਵਰਸਿਟੀ ਅਕਾਉਂਟ ਮੈਨੇਜਮੈਂਟ ਸਿਸਟਮ ਨਾਲ ਵੀ ਜੁੜੀ ਹੋਈ ਹੈ ਤਾਂ ਜੋ ਭਰੀ ਗਈ ਫੀਸ ਦੀਆਂ ਰਸੀਦਾਂ ਆਪਣੇ ਢੁੱਕਵੀਆਂ ਸ਼੍ਰੇਣੀਆਂ ਅਧੀਨ ਵਿੱਤ ਪੁਸਤਕਾਂ ਵਿੱਚ ਸ਼ਾਮਲ ਹੋ ਜਾਣ।
ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ MRSPTU ਦੀ ਇਸ ਵਿਲੱਖਣ ਪਹਿਲਕਦਮੀ ਲਈ ਵਧਾਈ ਦਿੰਦਿਆਂ ਸ੍ਰੀ ਚੰਨੀ ਨੇ ਪੰਜਾਬ ਤਕਨੀਕੀ ਸਿੱਖਿਆ ਵਿਭਾਗ, ਪੰਜਾਬ ਤਕਨੀਕੀ ਸਿੱਖਿਆ ਬੋਰਡ ਅਤੇ ਆਈ.ਕੇ.ਜੀ ਪੀ.ਟੀ.ਯੂ, ਕਪੂਰਥਲਾ ਦੇ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਵਿਦਿਆਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰਨ ਦੀ ਹਿਦਾਇਤ ਕੀਤੀ। ਇਸ ਮੌਕੇ ਆਈ.ਕੇ.ਜੀ ਪੀ.ਟੀ.ਯੂ ਨੂੰ ਵੀ ਕੋਵਿਡ-19 ਦੇ ਮੱਦੇਜਜ਼ਰ ਪੋਰਟਲ `ਤੇ ਹੋਰ ਸੇਵਾਵਾਂ ਦਾ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਵਾਧਾ ਕਰਨ ਦਾ ਸੁਝਾਅ ਦਿੱਤਾ ਗਿਆ।