Lawyers and assistants burnt : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦੀਵਾਲੀ ਦੀ ਦੇਰ ਰਾਤ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿਥੇ ਇੱਕ ਵਕੀਲ ਅਤੇ ਉਸ ਦੀ ਅਸਿਸਟੈਂਟ ਗੱਡੀ ਵਿੱਚ ਜਿਊਂਦੇ ਸੜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਪਛਾਣ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਅਸਿਸਟੈਂਟ ਐਡਵੋਕੇਟ ਸੀਆ ਖੁੱਲਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੱਲ੍ਹ ਪੁਰਹੀਰਾਂ ਦੇ ਕੋਲ ਰਾਤ ਲਗਭਗ ਸਾਢੇ ਦਸ ਵਜੇ ਦੇ ਵਾਪਰਿਆ। ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਆਪਣੀ ਅਸਿਸਟੈਂਟ ਸੀਆ ਨਾਲ ਕਾਰ ਵਿੱਚ ਕਿਤੋਂ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਸੜਕ ਦੇ ਕੰਢੇ ਇੱਕ ਦਰੱਖਤ ਨਾਲ ਟਕਰਾ ਗਈ। ਇਸ ਦੇ ਚੱਲਦਿਆਂ ਉਨ੍ਹਾਂ ਦੀ ਕਾਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਦੋਵੇਂ ਕਾਰ ਸਵਾਰ ਜਿਊਂਦੇ ਸੜ ਗਏ। ਹਾਲਾਂਕਿ ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਕਾਰ ਨੂੰ ਸੜਦੇ ਹੋਏ ਦੇਖਿਆ ਤਾਂ ਉਹ ਤੁਰੰਤ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਆ ਕੇ ਅੱਗ ਬੁਝਾਈ ਪਰ ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਹੀ ਗੱਡੀ ਵਿੱਚ ਅੱਗ ਲਗ ਗਈ ਅਤੇ ਕਾਰ ਦਾ ਸੈਂਟਰਲ ਲੌਕ ਜਾਮ ਹੋ ਗਿਆ, ਜਿਸ ਦੇ ਕਾਰਨ ਦੋਵੇਂ ਵਕੀਲ ਗੱਡੀ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਅਤੇ ਉਨ੍ਹਾਂ ਦੀ ਗੱਡੀ ਵਿੱਚ ਸੜ ਕੇ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਿਸ ਨੂੰ ਅੱਗ ਬੁਝਾਉਣ ਵਿੱਚ ਅੱਧਾ-ਪੌਣਾ ਘੰਟਾ ਲੱਗਾ। ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।