Leaders of Kisan Union Ugrahas : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹੋਣ ਬਾਰੇ ਦਿੱਤੇ ਬਿਆਨ ‘ਤੇ ਟਿੱਪਣੀ ਕਰਦਿਆਂ ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਇਕ ਪਾਸੇ ਕਿਸਾਨਾਂ ‘ਤੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਤਹਿਤ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਸੁੱਟਿਆ ਹੋਇਆ ਹੈ ਤੇ ਪੁਰਅਮਨ ਕਿਸਾਨਾਂ ਉੱਪਰ ਆਰਐੱਸਐੱਸ ਦੇ ਗੁੰਡਾ ਟੋਲਿਆਂ ਵੱਲੋਂ ਹਮਲੇ ਕਰਵਾਏ ਜਾ ਰਹੇ ਹਨ ਤਾਂ ਅਜਿਹੇ ਹਮਲੇ ਦਰਮਿਆਨ ਪ੍ਰਧਾਨ ਮੰਤਰੀ ਦਾ ਮਤਲਬ ਸਾਫ਼ ਹੈ ਕਿ ਕਿਸਾਨਾਂ ਨੂੰ ਜਬਰ ਦੀ ਮਾਰ ਹੇਠ ਲਿਆ ਕੇ ਪਹਿਲਾਂ ਕੀਤੀਆਂ ਪੇਸ਼ਕਸ਼ਾਂ ‘ਤੇ ਲਿਆਉਣਾ ਹੈ।
ਉਨ੍ਹਾਂ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਟਿਕਰੀ ਬਾਰਡਰ ’ਤੇ ਕੀਤੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਮੋਦੀ ਹਕੂਮਤ ਵੱਲੋਂ ਆਪਣੇ ਪੁਲਸੀ ਬਲਾਂ ਦੇ ਜ਼ੋਰ ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਦੂਜੇ ਹੱਥ ਆਰਐੱਸਐੱਸ ਦੇ ਫਿਰਕੂ ਫਾਸ਼ੀ ਟੋਲਿਆਂ ਵੱਲੋਂ ਅੰਧ ਰਾਸ਼ਟਰਵਾਦ ਦੇ ਨਾਅਰਿਆਂ ਹੇਠ ਕਿਸਾਨਾਂ ਦੇ ਸੰਘਰਸ਼ ਨੂੰ ਦੇਸ਼ ਧ੍ਰੋਹੀ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇੰਟਰਨੈੱਟ ਬੰਦ ਕਰ ਕੇ ਕਿਸਾਨਾਂ ਦੀ ਆਵਾਜ਼ ਨੂੰ ਮੁਲਕ ਅੰਦਰ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਇੱਕ ਹੱਥ ਸੰਘਰਸ਼ ਨੂੰ ਦਬਾਉਣ ਦੇ ਕਦਮ ਲੈ ਕੇ ਦੂਜੇ ਹੱਥ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹੋਣ ਦਾ ਦਾਅਵੇ ਦਾ ਅਰਥ ਇਹੀ ਹੈ ਕਿ ਹਕੂਮਤ ਕਿਸਾਨ ਸੰਘਰਸ਼ ਨੂੰ ਹਮਲੇ ਹੇਠ ਲਿਆ ਕੇ ਆਪਣੀਆਂ ਸ਼ਰਤਾਂ ‘ਤੇ ਸੰਘਰਸ਼ ਖ਼ਤਮ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾਂ ਗੱਲਬਾਤ ਲਈ ਤਿਆਰ ਰਹੇ ਹਨ ਪਰ ਸਰਕਾਰ ਨੂੰ ਜਬਰ ਤੇ ਭੰਡੀ ਪ੍ਰਚਾਰ ਦੇ ਕਦਮ ਵਾਪਸ ਲੈ ਕੇ ਪਹਿਲਾਂ ਗੱਲਬਾਤ ਦਾ ਮਾਹੌਲ ਤਿਆਰ ਕਰਨਾ ਚਾਹੀਦਾ ਹੈ ਤਾਂ ਹੀ ਗੱਲਬਾਤ ਦੇ ਅਮਲ ਦੀ ਸਾਰਥਕਤਾ ਹੋ ਸਕਦੀ ਹੈ।
ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਦੇ ਇਸ ਫਾਸ਼ੀ ਵਾਰ ਖ਼ਿਲਾਫ਼ ਪੰਜਾਬ, ਹਰਿਆਣਾ ਤੇ ਯੂ ਪੀ ਸਮੇਤ ਮੁਲਕ ਭਰ ਦੇ ਕਿਸਾਨਾਂ ਨੇ ਦੱਸ ਦਿੱਤਾ ਹੈ ਕਿ ਮੋਦੀ ਹਕੂਮਤ ਵੱਲੋਂ ਸੰਘਰਸ਼ ਨੂੰ ਕੁਚਲਣ ਦੇ ਭਰਮ ਚਕਨਾਚੂਰ ਕੀਤੇ ਜਾਣਗੇ ਤੇ ਕਿਸਾਨ ਲੰਮਾ ਦਮ ਰੱਖ ਕੇ ਲੜਨ ਦੀ ਤਾਕਤ ਰੱਖਦੇ ਹਨ। ਪੰਜਾਬ ਤੇ ਹਰਿਆਣੇ ’ਚੋਂ ਵੱਡੀ ਗਿਣਤੀ ਵਿੱਚ ਕਾਫਲੇ ਅੰਦੋਲਨ ਵਿੱਚ ਪਹੁੰਚ ਰਹੇ ਹਨ। ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸੀ, ਐਮਐਸਪੀ ‘ਤੇ ਸਰਕਾਰੀ ਖ਼ਰੀਦ ਦੀ ਗਰੰਟੀ ਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਵਾਉਣ ਵਰਗੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਹਰ ਹਾਲ ਜਾਰੀ ਰਹੇਗਾ। ਕਿਸਾਨ ਆਗੂ ਬਸੰਤ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇੱਕ ਕਾਫਲਾ ਕੱਲ੍ਹ ਤੋਂ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੀ ਹਮਾਇਤ ‘ਤੇ ਵੀ ਡਟਿਆ ਹੋਇਆ ਹੈ।