ਬਠਿੰਡਾ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਹੁਣ ਡਰਾਈਵਿੰਗ ਲਾਇਸੈਂਸ ਲੈਣ ਲਈ ਆਰਟੀਓ ਜਾਣ ਅਤੇ ਡਰਾਈਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਵਾਹਨ ਚਲਾਉਣਾ ਸਿੱਖ ਕੇ ਅਤੇ ਟੈਸਟ ਦੇ ਕੇ ਹੀ ਲਾਇਸੈਂਸ ਹਾਸਲ ਕਰ ਸਕਦੇ ਹੋ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮਾਨਤਾ ਪ੍ਰਾਪਤ ਡਰਾਈਵਰ ਸਿਖਲਾਈ ਕੇਂਦਰਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ।
ਇਨ੍ਹਾਂ ਸੈਂਟਰਾਂ ‘ਤੇ ਉਮੀਦਵਾਰ ਨੂੰ ਹਾਈ ਕੁਆਲਿਟੀ ਡਰਾਈਵਿੰਗ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਜਿਹੜੇ ਲੋਕ ਟੈਸਟ ਕਲੀਅਰ ਕਰ ਲਣਗੇ, ਉਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਵੇਲੇ ਦੁਬਾਰਾ ਟੈਸਟ ਨਹੀਂ ਦੇਣਾ ਪਏਗਾ। ਨਵੇਂ ਨਿਯਮ 1 ਜੁਲਾਈ 2021 ਤੋਂ ਲਾਗੂ ਹੋਣਗੇ। ਮਾਨਤਾ ਪ੍ਰਾਪਤ ਕੇਂਦਰਾਂ ਦੁਆਰਾ ਦਿੱਤੀ ਗਈ ਮਾਨਤਾ ਪੰਜ ਸਾਲਾਂ ਲਈ ਲਾਗੂ ਰਹੇਗੀ ਅਤੇ ਇਸ ਨੂੰ ਨਵੀਨੀਕਰਣ ਕੀਤਾ ਜਾ ਸਕੇਗਾ।
ਇਸ ਸਮੇਂ ਆਰਟੀਓ ਵਿਚ ਟੈਸਟ ਦੇ ਕੇ ਲਾਇਸੈਂਸ ਬਣਵਾਉਣ ‘ਤੇ 10 ਸਾਲਾਂ ਲਈ ਵੈਲਿਡ ਹੁੰਦਾ ਹੈ। ਡਰਾਈਵਿੰਗ ਟ੍ਰੇਨਿੰਗ ਸੈਂਟਰਾਂ ਦੀ ਮਾਨਤਾ ਸਿਰਫ ਉਨ੍ਹਾਂ ਕੇਂਦਰਾਂ ਨੂੰ ਦਿੱਤੀ ਜਾਵੇਗੀ ਜੋ ਡਰਾਈਵਿੰਗ ਟਰੈਕ, ਆਈਟੀ ਅਤੇ ਬਾਇਓਮੈਟ੍ਰਿਕ ਪ੍ਰਣਾਲੀ ਨਾਲ ਸਬੰਧਤ ਨਿਯਮਾਂ ਨੂੰ ਪੂਰਾ ਕਰਦੇ ਹਨ ਅਤੇ ਤੈਅ ਕੋਰਸ ਮੁਤਾਬਕ ਟ੍ਰੇਨਿੰਗ ਨਾਲ ਸੰਬੰਧਤ ਨਾਰਮਸ ਨੂੰ ਪੂਰਾ ਕਰਨਗੇ। ਹਾਈ ਕੁਆਲਿਟੀ ਟ੍ਰਨਿੰਗ ਲਈ ਟਰੈਕ ਹੋਣਗੇ। ਇਨ੍ਹਾਂ ਸੈਂਟਰਾਂ ‘ਤੇ ਮੋਟਰ ਵ੍ਹੀਕਲਜ਼ ਐਕਟ, 1988 ਦੇ ਅਧੀਨ ਰੀਮੇਡੀਅਲ ਅਤੇ ਰਿਫਰੈਸ਼ਰ ਕੋਰਸ ਦਾ ਲਾਭ ਉਠਾਇਆ ਜਾ ਸਕਦਾ ਹੈ।
ਮੰਤਰਾਲਾ ਨੇ ਕਿਹਾ ਹੈ ਕਿ ਮਾਨਤਾ ਪ੍ਰਾਪਤ ਸਿਖਲਾਈ ਕੇਂਦਰਾਂ ਤੋਂ ਵਾਹਨ ਚਲਾਉਣ ਦੀ ਸਿਖਲਾਈ ਤੋਂ ਬਾਅਦ ਲਾਇਸੈਂਸ ਘਰ ਪਹੁੰਚ ਜਾਵੇਗਾ। ਅਫਸਰਾਂ ਨੂੰ ਬੇਨਤੀ ਨਹੀਂ ਕਰਨੀ ਪਏਗੀ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਜਾਨ ਨੂੰ ਖਤਰਾ? ਪੰਜਾਬੀ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਕੀਤਾ ਇਹ ਖੁਲਾਸਾ
ਮੰਤਰਾਲੇ ਦੇ ਅਨੁਸਾਰ ਹਲਕੇ ਵਾਹਨ ਚਾਲਕਾਂ ਦੀ ਸਿਖਲਾਈ 4 ਹਫਤਿਆਂ ਵਿੱਚ 29 ਘੰਟੇ ਅਤੇ ਮੱਧਮ ਅਤੇ ਭਾਰੀ ਵਾਹਨਾਂ ਲਈ 6 ਹਫ਼ਤਿਆਂ ਵਿੱਚ 38 ਘੰਟੇ ਹੋਣੀ ਚਾਹੀਦੀ ਹੈ। ਡਰਾਈਵਰਾਂ ਨੂੰ ਵਿਵਹਾਰ ਅਤੇ ਅਨੁਸ਼ਾਸਨ ਵੀ ਸਿਖਾਇਆ ਜਾਵੇਗਾ।
ਸੈਂਟਰ ‘ਚ ਪਾਰਕਿੰਗ, ਰਿਵਰਸ ਡਰਾਈਵਿੰਗ, ਢਲਾਨ ਦੀ ਟ੍ਰੇਨਿੰਗ ਲਈ ਡਰਾਈਵਿੰਗ ਟਰੈਕ ਲਾਜ਼ਮੀ ਹੋਵੇਗਾ। ਜੋ ਲੋਕ ਇਸ ਕਿਸਮ ਦੀ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਚਲਾਉਣਾ ਚਾਹੁੰਦੇ ਹਨ, ਉਹ ਸੂਬਾ ਸਰਕਾਰ ਨੂੰ ਅਰਜ਼ੀ ਦੇ ਸਕਦੇ ਹਨ।