ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਲੜਕੇ ਦੀ ਪਤਨੀ ਵੱਲੋਂ ਵਿਦੇਸ਼ ਵਿੱਚ ਜਾ ਕੇ ਉਸ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਗਿਆ ਹੈ, ਜਿਸ ਕਰਕੇ ਲੜਕੀ ਦਾ ਪਰਿਵਾਰ ਪੂਰੇ ਸਬੂਤਾਂ ਨਾਲ ਹੁਣ ਅਦਾਲਤ ਤੱਕ ਪਹੁੰਚ ਗਿਆ ਹੈ।
ਬੇਅੰਤ ਕੌਰ ਦੇ ਪਰਿਵਾਰਕ ਵਕੀਲ ਨੇ ਕਿਹਾ ਕਿ ਲਵਪ੍ਰੀਤ ਨੇ ਖੁਦਕੁਸ਼ੀ ਤੋਂ ਪਹਿਲਾਂ ਬੇਅੰਤ ਨੂੰ ਸੁਸਾਈਡ ਨੋਟ ਭੇਜਿਆ, ਜਿਸ ਵਿੱਚ ਉਸ ਨੇ ਕਿਸੇ ਤਰ੍ਹਾਂ ਦੇ ਧੋਖੇ ਜਾਂ ਲਵਪ੍ਰੀਤ ਨਾਲ ਨਫਰਤ ਦਾ ਜ਼ਿਕਰ ਨਹੀਂ ਕੀਤਾ ਹੈ। ਉਸ ਨੇ ਉਸ ਨੋਟ ਵਿੱਚ ਬੇਅੰਤ ਨੂੰ ਬਹੁਤ ਹੀ ਪਿਆਰ ਭਰੇ ਸ਼ਬਦ ਲਿਖੇ ਹਨ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਨਿੱਜੀ ਕਾਰਨਾਂ ਕਰਕੇ ਉਹ ਖੁਦਕੁਸ਼ੀ ਕਰ ਰਿਹਾ ਹੈ। ਉਸ ਦੀ ਮੌਤ ਤੋਂ ਬਾਅਦ ਉਸ ‘ਤੇ ਇਲਜ਼ਾਮ ਨਾ ਲਾਇਆ ਜਾਵੇ।
ਜਦੋਂ ਬੇਅੰਤ ਨੂੰ ਇਹ ਚਿੱਠੀ ਮਿਲੀ ਤਾਂ ਉਸ ਨੇ ਆਪਣੀ ਨਣਾਨ ਰਾਜੂ ਨੂੰ ਇਸ ਬਾਰੇ ਦੱਸਿਆ ਅਤੇ ਆਪਣੇ ਭਰਾ ਲਵਪ੍ਰੀਤ ਕੋਲ ਜਾ ਕੇ ਸਾਰੀ ਗੱਲ ਬਾਰੇ ਪਤਾ ਕਰਨ ਲਈ ਕਿਹਾ। ਇਸ ਤੋਂ ਬਾਅਦ ਰਾਜੂ ਨੇ ਵਾਪਸ ਆ ਕੇ ਬੇਅੰਤ ਨਾਲ ਚੈਟ ਕੀਤੀ ਅਤੇ ਕਿਹਾ ਕਿ ਅਸੀਂ ਉਸ ਨੂੰ ਸਮਝਾ ਕੇ ਆਏ ਹਾਂ ਅਤੇ ਉਨ੍ਹਾਂ ਨੂੰ ਸੁਸਾਈਡ ਨੋਟ ਵੀ ਉਸ ਕੋਲੋਂ ਮਿਲਿਆ। ਲਵਪ੍ਰੀਤ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਸੁਸਾਈਡ ਨੋਟ ਤੋਂ ਸਾਫ ਹੁੰਦਾ ਹੈ ਕਿ ਲਵਪ੍ਰੀਤ ਕਿਸੇ ਡਿਪ੍ਰੈਸ਼ਨ ਵਿੱਚ ਸੀ।
ਵਕੀਲ ਨੇ ਅੱਗੇ ਕਿਹਾ ਕਿ ਪਰ ਜਦੋਂ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ ਤਾਂ ਬੇਅੰਤ ਕੌਰ ਅਤੇ ਉਸ ਦੇ ਪਰਿਵਾਰ ‘ਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਲੱਗੇ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾਣ ਲੱਗਾ ਅਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਅਸੀਂ ਪੰਜਾਬ ਪੁਲਿਸ ਤੇ ਡੀਜੀਪੀ ਨੂੰ ਇਸ ‘ਤੇ ਨੁਕੇਲ ਪਾਉਣ ਲਈ ਆਖਾਂਗੇ ਤੇ ਨਾਲ ਹੀ ਕਾਰਵਾਈ ਕਰਨ ਲਈ ਕਹਾਂਗੇ। ਉਨ੍ਹਾਂ ਕਿਹਾ ਕਿ ਬੇਅੰਤ ਨੇ ਆਪਣੇ ਵਰਕ ਪਰਮਿਟ ‘ਤੇ ਵੀ ਲਵਪ੍ਰੀਤ ਦਾ ਨਾਂ ਭਰਿਆ ਹੋਇਆ ਸੀ ਤੇ ਵੀਜ਼ੇ ‘ਤੇ 2019 ਵਿੱਚ ਪਹਿਲਾਂ ਅਨਮੈਰਿਡ ਸਟੇਟ ਸੀ, ਜਦਕਿ ਉਸ ਤੋਂ ਬਾਅਦ ਉਸ ਨੇ ਮੈਰਿਡ ਸਟੇਟਸ ਭਰਿਆ।
ਜਿਥੋਂ ਤੱਕ ਲਵਪ੍ਰੀਤ ‘ਤੇ ਨਾਜਾਇਜ਼ ਸੰਬੰਧਾਂ ਦੇ ਦੋਸ਼ ਲਾਏ ਜਾ ਰਹੇ ਹਨ ਤਾਂ ਇਨ੍ਹਾਂ ਦੋਵਾਂ ਦੀ ਅਰੇਂਜ ਮੈਰਿਜ ਸੀ ਲਵਪ੍ਰੀਤ ਦੀ ਖੁਦਕੁਸ਼ੀ ਤੋਂ ਪਹਿਲਾਂ ਕਦੇ ਵੀ ਨਾ ਤਾਂ ਉਸ ਦੇ ਪਤੀ ਤੇ ਨਾ ਹੀ ਸਹੁਰਾ ਪਰਿਵਾਰ ਨੇ ਅਜਿਹੀ ਕੋਈ ਗੱਲ ਕੀਤੀ। ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਉਹ ਪਹਿਲਾਂ ਵੀ ਇਹ ਮੁੱਦਾ ਉਠਾ ਸਕਦੇ ਸਨ। ਲਵਪ੍ਰੀਤ ਅਤੇ ਉਸ ਦਾ ਪਰਿਵਾਰ ਬਿਲਕੁਲ ਬੇਕਸੂਰ ਹੈ।
ਇਹ ਵੀ ਪੜ੍ਹੋ : ਅਖੀਰ ਕੈਪਟਨ ਦੀ ਸਹਿਮਤੀ ਤੋਂ ਬਾਅਦ ਮੁੱਕੀ ਹਰੀਸ਼ ਰਾਵਤ ਦੀ ਫਿਕਰ, ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਦੱਸਣਯੋਗ ਹੈ ਕਿ ਲਵਪ੍ਰੀਤ ਦੇ ਪਰਿਵਾਰ ਨੇ ਦੋਸ਼ ਲਾਏ ਹਨ ਕਿ ਲੱਖਾਂ ਰੁਪਏ ਖਰਚ ਕੇ ਆਈਲੈਟਸ ਪਾਸ ਕਰਵਾ ਕੇ ਉਸ ਦੀ ਪਤਨੀ ਬੇਅੰਤ ਕੌਰ ਨੇ ਕੈਨੇਡਾ ਪਹੁੰਚ ਕੇ ਧੋਖਾ ਕੀਤਾ ਹੈ। ਲਵਪ੍ਰੀਤ ਦੀ ਖੁਦਕੁਸ਼ੀ ਪਿੱਛੇ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਧੋਖਾ ਦਿੱਤੇ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਕੈਨੇਡਾ ਰਹਿੰਦੀ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਲਵਪ੍ਰੀਤ ਦੇ ਰਿਸ਼ਤੇਦਾਰ ਉਸਦੀ ਲੜਕੀ ਅਤੇ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਪੋਸਟਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਉਸਦੀ ਲੜਕੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ ਤੇ ਹੁਣ ਉਨ੍ਹਾਂ ਨੇ ਇਸ ਮਾਮਲੇ ਵਿੱਚ ਅਦਾਲਤ ਦਾ ਬੂਹਾ ਖੜਕਾਇਆ ਹੈ।