LPG non-subsidised cylinder price: ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਾਲੇ ਦਿੱਲੀ ਸਣੇ ਹੋਰ ਸ਼ਹਿਰਾਂ ਵਿੱਚ LPG ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ । ਬਿਨ੍ਹਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਹੈ । ਕੌਮਾਂਤਰੀ ਬਾਜ਼ਾਰ ਵਿਚ ਰਸੋਈ ਗੈਸ ਦੇ ਮੁੱਲ ਵਧਣ ਕਾਰਨ ਦੇਸ਼ ਵਿੱਚ ਬਿਨ੍ਹਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਅੱਜ ਤੋਂ ਮਹਿੰਗਾ ਹੋ ਗਿਆ ਹੈ ।
ਦਰਅਸਲ, ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਸ਼ਨ ਨੇ ਦੱਸਿਆ ਕਿ ਰਾਸ਼ਟਰੀ ਰਾਧਜਾਨੀ ਦਿੱਲੀ ਵਿਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਮੁੱਲ ਜੂਨ ਮਹੀਨੇ ਲਈ 593 ਰੁਪਏ ਤੈਅ ਕੀਤਾ ਗਿਆ ਹੈ । ਮਈ ਵਿਚ ਇਸ ਦੀ ਕੀਮਤ 581.50 ਰੁਪਏ ਸੀ। ਇਸ ਤਰ੍ਹਾਂ ਇਸ ਵਿਚ 11.50 ਰੁਪਏ ਦਾ ਵਾਧਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਮਈ ਵਿੱਚ ਕੀਮਤ ਵਿਚ 162.50 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਸੀ ।
ਇੰਡੀਅਨ ਆਇਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕੌਮਾਂਤਰੀ ਬਾਜ਼ਾਰ ਵਿੱਚ ਜੂਨ ਮਹੀਨੇ ਲਈ ਰਸੋਈ ਗੈਸ ਦੀ ਕੀਮਤ ਵਧੀ ਹੈ । ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਵਿਚ ਵਾਧੇ ਕਾਰਨ ਦਿੱਲੀ ਵਿੱਚ ਰਸੋਈ ਗੈਸ ਦਾ ਬਾਜ਼ਾਰ ਮੁੱਲ ਪ੍ਰਤੀ ਸਿਲੰਡਰ 11.50 ਰੁਪਏ ਵਧਾਇਆ ਗਿਆ ਹੈ । ਹਾਲਾਂਕਿ ਇਸ ਨਾਲ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 30 ਜੂਨ ਤੱਕ ਉਨ੍ਹਾਂ ਨੂੰ ਮੁਫਤ ਸਿਲੰਡਰ ਦਿੱਤਾ ਜਾਵੇਗਾ ।
ਦਿੱਲੀ ਤੋਂ ਇਲਾਵਾ ਮੁੰਬਈ, ਕੋਲਕਾਤਾ ਅਤੇ ਚੇੱਨਈ ਵਿੱਚ ਵੀ ਅੱਜ ਤੋਂ ਨਵੀਂਆਂ ਕੀਮਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ । ਕੋਲਕਾਤਾ ਵਿੱਚ ਇੱਕ ਸਿਲੰਡਰ ਦੀ ਕੀਮਤ ਵਿੱਚ 31.50 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਨਵੀਂ ਕੀਮਤ ਇੱਥੇ 616 ਰੁਪਏ ਕਰ ਦਿੱਤੀ ਗਈ ਹੈ । ਜਦੋਂਕਿ ਮੁੰਬਈ ਵਿੱਚ ਵੀ ਦਿੱਲੀ ਦੀ ਤਰ੍ਹਾਂ 11.50 ਰੁਪਏ ਦਾ ਵਾਧਾ ਕੀਤਾ ਗਿਆ ਹੈ ।