Ludhiana Administration unique initiation : ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਦੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਵਾਇਰਸ ਦੀ ਚੇਨ ਨੂੰ ਤੋੜਨ ਲਈ ਥੋੜ੍ਹੇ ਸਮੇਂ ਵਿੱਚ ਵੱਡੀ ਆਬਾਦੀ ਦੇ ਟੀਕੇ ਲਗਾਉਣ ਲਈ ਇੱਕ ਵਿਲੱਖਣ ਪਹਿਲ ’ਵੈਕਸੀਨ ਐਟ ਡੋਰਸੈਪਸ’ ਦੀ ਸ਼ੁਰੂਆਤ ਕੀਤੀ ਹੈ। ਇਥੋਂ ਦੇ ਪਾਰਕ ਕਾਲੋਨੀ, ਪੱਖੋਵਾਲ ਰੋਡ ਵਿਖੇ ਏਰੀਆ ਕੌਂਸਲਰ ਮਮਤਾ ਆਸ਼ੂ ਅਤੇ ਇਲਾਕਾ ਨਿਵਾਸੀ ਡਾ. ਐਸ ਬੀ ਪਾਂਧੀ ਦੇ ਯਤਨਾਂ ਸਦਕਾ ਲਗਾਏ ਗਏ ਪਹਿਲੇ ਕੈਂਪ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਮਿਊੱਸਪਲ ਕੌਂਸਲਰ ਮਮਤਾ ਆਸ਼ੂ ਨੇ ਦੱਸਿਆ ਕਿ ਮਾਹਰਾਂ ਅਨੁਸਾਰ ਕੋਰੋਨਾਵਾਈਰਸ ਦੀ ਦੂਜੀ ਲਹਿਰ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਲਈ ਇਹ ਟੀਕਾ ਲਗਾ ਕੇ ਵੱਧ ਤੋਂ ਵੱਧ ਆਬਾਦੀ ਨੂੰ ਲਾਭ ਪ੍ਰਦਾਨ ਕਰਨਾ ਵਧੇਰੇ ਮਹੱਤਵਪੂਰਨ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ ‘ਵੈਕਸੀਨ ਐਟ ਡੋਰਸਟੈਪਸ’ ਦੀ ਪਹਿਲ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿਚ ਖੜ੍ਹਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ / ਫੈਕਟਰੀ / ਪਿੰਡ / ਰਿਹਾਇਸ਼ੀ ਸੁਸਾਇਟੀ ਜਾਂ ਨਿੱਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ ‘ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸਨ ਨੂੰ ਫੋਨ ਕਰਨ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ‘ਤੇ ਵੈਕਸੀਨ ਲਗਾਉਣ ਲਈ ਭੇਜੇਗਾ, ਜਿਥੋਂ ਇਹ ਕਾਲ ਆਵੇਗੀ।
ਲੋਕਾਂ ਨੂੰ ਝਿਜਕਣ ਤੋਂ ਰੋਕਣ ਅਤੇ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਡੀਸੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਟੀਕੇ ਨੂੰ ਵਿਕਸਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਰਾਸ਼ਟਰ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦੀ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ। .ਉਨ੍ਹਾਂ ਕਿਹਾ ਜਦੋਂ ਕੋਈ ਟੀਕਾ ਨਹੀਂ ਸੀ ਤਾਂ ਲੋਕ ਵੈਕਸੀਨ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਹੁਣ ਇਹ ਟੀਕਾ ਇੱਥੇ ਹੈ, ਲੋਕਾਂ ਨੂੰ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਟੀਕਾ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਲੋਕਾਂ ਤੋਂ ਪੂਰੇ ਦਿਲ ਨਾਲ ਸਮਰਥਨ ਦੀ ਮੰਗ ਕਰਦਿਆਂ ਮਿਊਂਸਪਲ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਲੋਕਾਂ ਲਈ ਇਹ ਸਭ ਤੋਂ ਉੱਤਮ ਪ੍ਰਣਾਲੀ ਹੈ ਕਿਉਂਕਿ ਕਤਾਰ ਵਿਚ ਖੜੇ ਹੋਣ ਅਤੇ ਸਮਾਂ ਬਰਬਾਦ ਕਰਨ ਦੀ ਬਜਾਏ ਸਿਹਤ ਟੀਮਾਂ ਉਨ੍ਹਾਂ ਦੇ ਘਰ ਜਾ ਕੇ ਟੀਕੇ ਲਗਾਉਣਗੀਆਂ। ਡੀਐਮਸੀਐਚ ਤੋਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਸਾਨੂੰ ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਉਛਾਲ ਆਉਣ ’ਤੇ ਟੀਕਾ ਮੁਹਿੰਮ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ, ਖ਼ਾਸਕਰ ਨੌਜਵਾਨ ਲੋਕਾਂ ਵਿੱਚ, ਇਸ ਲਈ ਕੋਵਿਡ ਨੂੰ ਗੋਲੀ ਮਾਰਨ ਲਈ ਸਾਰੇ ਹੱਕਦਾਰਾਂ ਨੂੰ ਇਸ ਮੁਹਿੰਮ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਏਡੀਸੀ (ਡੀ) ਸੰਦੀਪ ਕੁਮਾਰ, ਸਿਵਲ ਸਰਜਨ ਡਾ: ਸੁਖਜੀਵਨ ਕੱਕੜ, ਡੀਆਈਓ ਡਾ. ਕਿਰਨ ਗਿੱਲ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।