Ludhiana Delhi flight corona: ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਦੌਰਾਨ ਸਰਕਾਰ ਨੇ ਕੁਝ ਦਿਸ਼ਾਂ-ਨਿਰਦੇਸ਼ ਜਾਰੀ ਕਰਕੇ ਲੋਕਾਂ ਨੂੰ ਰਾਹਤ ਦਿੱਤੀ। ਇਸ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਨੂੰ ਵਾਪਸ ਪੱਟੜੀ ‘ਤੇ ਲਿਆਉਣ ਲਈ ਫਲਾਈਟ ਸਰਵਿਸ ਵੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪਿਛਲੇ ਮਹੀਨੇ 25 ਮਈ ਤੋਂ ਸ਼ੁਰੂ ਹੋਈ ਲੁਧਿਆਣਾ-ਦਿੱਲੀ ਫਲਾਈਟ ਸਰਵਿਸ ਦੀ ਗੱਲ ਕਰੀਏ ਤਾਂ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੇ ਗ੍ਰਾਫ ‘ਚ ਕਾਫੀ ਵੱਡੀ ਗਿਰਾਵਟ ਦਰਜ ਕੀਤੀ ਗਈ। ਜਾਣਕਾਰੀ ਮੁਤਾਬਕ ਹਫਤੇ ਦੇ ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਤੱਕ ਸਾਹਨੇਵਾਲ ਏਅਰਪੋਰਟ ਤੋਂ ਕੁੱਲ 19 ਉਡਾਣਾ ਆਪਰੇਟ ਹੋਈਆ। ਇਸ ਦੌਰਾਨ ਦਿੱਲੀ ਤੋਂ ਅਲਾਇੰਸ ਏਅਰ ਦਾ 72 ਸੀਟਰ ਏਅਰਕ੍ਰਾਫਟ ਏ.ਟੀ.ਆਰ-72 ਆਪਣੀ ਸਮਰੱਥਾ ਤੋਂ 50 ਫੀਸਦੀ ਘੱਟ ਯਾਤਰੀਆਂ ਨਾਲ ਲੁਧਿਆਣਾ ਲੈਂਡ ਹੋਇਆ ਅਤੇ ਲੁਧਿਆਣਾ ਤੋਂ ਦਿੱਲੀ ਲਈ ਯਾਤਰੀਆਂ ਦਾ ਗ੍ਰਾਫ 80 ਫੀਸਦੀ ਡਾਊਨ ਰਿਹਾ। ਦੱਸ ਦੇਈਏ ਕਿ ਬੀਤੇ ਦਿਨ ਵੀਰਵਾਰ ਨੂੰ ਏਅਰਕ੍ਰਾਫਟ 21 ਯਾਤਰੀਆਂ ਨਾਲ ਲੈਂਡ ਹੋਇਆ ਅਤੇ ਸਿਰਫ 10 ਯਾਤਰੀਆਂ ਨੂੰ ਲੈ ਕੇ ਦਿੱਲੀ ਰਵਾਨਾ ਹੋਇਆ। ਹਵਾਈ ਯਾਤਰੀਆਂ ਦੀ ਗਿਣਤੀ ‘ਚ ਭਾਰੀ ਗਿਰਾਵਟ ਪਿੱਛੇ ਵੱਡਾ ਕਾਰਨ ਕੋਰੋਨਾ ਮਹਾਮਾਰੀ ਹੈ।
ਦੱਸਣਯੋਗ ਹੈ ਕਿ ਸਾਹਨੇਵਾਲ ਏਅਰਪੋਰਟ ‘ਤੇ 19 ਉਡਾਣਾਂ ਰਾਹੀਂ 532 ਯਾਤਰੀ ਦਿੱਲੀ ਤੋਂ ਪੁੱਜੇ ਜਦਕਿ ਲੁਧਿਆਣਾ ਤੋਂ ਸਿਰਫ 221 ਯਾਤਰੀ ਹੀ ਦਿੱਲੀ ਲਈ ਰਵਾਨਾ ਹੋਏ।