Ludhiana Police launches candlelight : ਲੁਧਿਆਣਾ ਪੁਲਿਸ ਵੱਲੋਂ ਕੋਰੋਨਾ ਵਾਇਰਸ ਕਾਰਨ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਦੇਣ ਲਈ ਇਕ ਕੈਂਡਲ ਮਾਰਚ ਕੱਢਿਆ ਗਿਆ, ਜੋਕਿ ਜਗਰਾਓਂ ਪੁਲ ਤੋਂ ਲੈ ਕੇ ਘੰਟਾ ਘਰ ਤੱਕ ਕੱਢੇ ਗਏ ਇਸ ਕੈਂਡਲ ਮਾਰਚ ਵਿਚ ਲੁਧਿਆਣਾ ਪੁਲਿਸ ਦੇ ਸਾਰੇ ਹੀ ਜਵਾਨ ਅਤੇ ਸੀਨੀਅਰ ਅਫਸਰ ਸ਼ਾਮਲ ਹੋਏ। ਉਨ੍ਹਾਂ ਵੱਲੋਂ ਹੱਥਾਂ ਵਿਚ ਮੋਮਬੱਤੀਆਂ ਅਤੇ ਬੈਨਰ, ਜਿਸ ’ਤੇ ਲਿਖਿਆ ਹੋਇਆ ਸੀ ’ਏਸੀਪੀ ਕੋਹਲੀ ਅਮਰ ਰਹੇ’ ਲੈ ਕੇ ਇਹ ਮਾਰਚ ਕੱਢਿਆ ਗਿਆ।
ਇਸ ਦੌਰਾਨ ਲੁਧਿਆਣਾ ਪੁਲਿਸ ਵੱਲੋਂ ਏਸੀਪੀ ਕੋਹਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਲੁਧਿਆਣਾ ਦੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਏਸੀਪੀ ਕੋਹਲੀ ਨੇ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ ਸ਼ਹੀਦ ਹੋਏ ਹਨ, ਇਸ ਕਰਕੇ ਪੂਰੀ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਕਿ ਏਸੀਪੀ ਕੋਹਲੀ ਦੀ ਅੰਤਿਮ ਅਰਦਾਸ ਵੀ ਅੱਜ ਹੀ ਕਰਵਾਈ ਜਾ ਰਹੀ ਹੈ। ਗੁਰਪ੍ਰੀਤ ਸਿੰਘ ਸਿਕੰਦ ਨੇ ਅੱਗੇ ਕਿਹਾ ਕਿ ਕਿਸੇ ਵੀ ਅਫਸਰ, ਪੁਲਿਸ ਮੁਲਾਜ਼ਮ ਵੱਲੋਂ ਇਸ ਬੀਮਾਰੀ ਨਾਲ ਲੜਦਿਆਂ ਆਪਣੀ ਜਾਨ ਗੁਆਉਣਾ ਇਕ ਬਹੁਤ ਵੱਡੀ ਕੁਰਬਾਨੀ ਹੈ ਅਤੇ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੱਸਣਯੋਗ ਹੈ ਕਿ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦੀ ਬੀਤੀ 18 ਅਪ੍ਰੈਲ ਨੂੰ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ। 13 ਅਪ੍ਰੈਲ ਨੂੰ ਉਨ੍ਹਾਂ ਦੀ ਰਿਪੋਰਟ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੇ ਇਲਾਜ ਲਈ ਪੰਜਾਬ ਸਰਕਾਰ ਨੇ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਵੀ ਦੇ ਦਿੱਤੀ ਸੀ ਪਰ ਉਸ ਤੋਂ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਜੰਗ ਲੜਦੇ ਹੋਏ ਉਨ੍ਹਾਂ ਨੇ ਐਸਪੀਐਸ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ।