ਲੁਧਿਆਣਾ ਪੁਲਿਸ ਨੇ ਨੀਲੇ ਡਰੰਮ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਇਸ ਮਾਮਲੇ ਵਿਚ ਮਹਿਲਾ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਮਨੋਜ ਉਰਫ ਰਾਜੂ ਵਜੋਂ ਹੋਈ ਹੈ। ਕਤਲ ਕਰਨ ਵਾਲੇ 6 ਲੋਕਾਂ ‘ਤੇ ਪੁਲਿਸ ਨੇ FIR ਦਰਜ ਕੀਤੀ ਹੈ। ਇਸ ਕੇਸ ਵਿਚ ਮਹਿਲਾ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ 2 ਨੌਜਵਾਨ ਨਾਬਾਲਗ ਹਨ।
ਸ਼ਰਾਬ ਦੇ ਨਸ਼ੇ ਵਿਚ ਕਾਤਲਾਂ ਨੇ ਮਨੋਜ ਦੀ ਮਾਰ-ਕੁਟਾਈ ਕਰ ਦਿੱਤੀ ਜਿਸ ਕਾਰਨ ਉਸ ਦੇ ਡੂੰਘੀ ਸੱਟ ਲੱਗ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਹਾਲਤ ਵਿਗੜਨ ਕਰਕੇ ਉਸ ਦੀ ਮੌਤ ਹੋ ਗਈ। ਕਾਤਲਾਂ ਨੇ ਉਸ ਨੂੰ ਇਕ ਰਾਤ ਆਪਣੇ ਕਮਰੇ ਵਿਚ ਰੱਖਿਆ ਤੇ ਅਗਲੇ ਦਿਨ ਸਵੇਰੇ ਲਾਸ਼ ਨੂੰ ਰੱਸੀ ਨਾਲ ਬੰਨ੍ਹ ਕੇ ਇਕ ਨੀਲੇ ਰੰਗ ਦੇ ਡਰੰਮ ਵਿਚ ਪੈਕ ਕਰਕੇ ਈ-ਰਿਕਸ਼ਾ ਦੀ ਮਦਦ ਨਾਲ ਖਾਲੀ ਪਲਾਟ ਵਿਚ ਸੁੱਟ ਦਿੱਤਾ।
ADCP-2 ਕਰਨਵੀਰ ਸਿੰਘ ਨੇ ਦੱਸਿਆ ਕਿ ਨੀਲੇ ਡਰੰਮ ਵਿਚ ਜਦੋਂ ਲਾਸ਼ ਮਿਲੀ ਤਾਂ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਜਾਂਚ ਦੇ ਬਾਅਦ ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਤੋਂ ਕੁਝ ਫੁਟੇਜ ਮਿਲੀ ਜਿਸ ਵਿਚ ਇਕ ਈ-ਰਿਕਸ਼ਾ ਵਿਚ ਕੁਝ ਲੋਕ ਨੀਲੇ ਡਰੰਮ ਨੂੰ ਲੈ ਕੇ ਜਾਂਦੇ ਹੋਏ ਨਜ਼ਰ ਆਏ। ਮਾਮਲੇ ਦੀ ਜਾਂਚ ਕਰਨ ‘ਤੇ ਪੁਲਿਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ। ਈ-ਰਿਕਸ਼ਾ ਚਾਲਕ ਰੋਹਿਤ ਨੇ ਮੁਲਜ਼ਮਾਂ ਦੀ ਪਛਾਣ ਪੁਲਿਸ ਨੂੰ ਕਰਵਾਈ। ਮੁਲਜ਼ਮਾਂ ਦੀ ਪਛਾਣ ਭਾਰਤੀ ਕਾਲੋਨੀ ਵਾਸੀ ਫਾਗੂ ਪ੍ਰਸਾਦ, ਊਸ਼ਾ ਦੇਵੀ, ਨੀਰਜ ਕੁਮਾਰ, ਸੀਟੂ ਕੁਮਾਰ, ਜੈਵੀਰ ਤੇ ਵਿਸ਼ਾਲ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮ੍ਰਿਤਕ ਮਨੋਜ ਤੇ ਨੀਰਜ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸੀ। ਇਸ ਕਾਰਨ ਉਹ ਨੀਰਜ ਦੇ ਕਮਰੇ ਵਿਚ ਇਕੱਠੇ ਸ਼ਰਾਬ ਪੀ ਰਹੇ ਸਨ। ਸ਼ਰਾਬ ਦੇ ਨਸ਼ੇ ਵਿਚ ਆਪਸ ਵਿਚ ਦੋਵਾਂ ਦਾ ਝਗੜਾ ਹੋ ਗਿਆ। ਨੀਰਜ ਤੇ ਸੀਟੂ ਨੇ ਮਨੋਜ ‘ਤੇ ਹਮਲਾ ਕੀਤਾ ਤੇ ਉਸ ਦੇ ਅੰਦਰੂਨੀ ਸੱਟਾਂ ਮਾਰੀਆਂ। ਮਨੋਜ ਨੂੰ ਉਨ੍ਹਾਂ ਨੇ ਬੇਹੋਸ਼ੀ ਦੀ ਹਾਲਤ ਵਿਚ ਛੱਡ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਸ ਰਾਤ ਨੀਰਜ ਤੇ ਸੀਟੂ ਨੇ ਮਨੋਜ ਦੀ ਲਾਸ਼ ਨੂੰ ਆਪਣੇ ਕੋਲ ਰੱਖਿਆ ਤੇ ਅਗਲੇ ਦਿਨ ਉਨ੍ਹਾਂ ਨੇ ਲਾਸ਼ ਨੂੰ ਨੀਲੇ ਡਰੰਮ ਵਿਚ ਪਾ ਕੇ ਈ-ਰਿਕਸ਼ਾ ਚਾਲਕ ਰੋਹਿਤ ਨੂੰ ਇਹ ਕਿਹਾ ਕਿ ਡਰੰਮ ਵਿਚ ਕੂੜਾ ਹੈ, ਇਸ ਨੂੰ ਖਾਲੀ ਪਲਾਟ ਵਿਚ ਸੁੱਟਣਾ ਹੈ।
ਇਸ ਤਰ੍ਹਾਂ ਮੁਲਜ਼ਮਾਂ ਨੇ ਈ-ਰਿਕਸ਼ਾ ਦੀ ਮਦਦ ਨਾਲ ਖਾਲੀ ਪਲਾਟ ਵਿਚ ਡਰੰਮ ਰੱਖ ਦਿੱਤਾ। ਇਸ ਕੇਸ ਵਿਚ ਈ-ਰਿਕਸ਼ਾ ਚਾਲਕ ਰੋਹਿਤ ਗਵਾਹ ਹੈ। ਗ੍ਰਿਫਤਾਰ ਮਹਿਲਾ ਊਸ਼ਾ ਨੀਰਜ ਦੀ ਮਾਂ ਹੈ ਤੇ ਫਾਗੂ ਦੀ ਪਤਨੀ ਹੈ। ਸਾਰੇ ਮੁਲਜ਼ਮ ਕਿਰਾਏ ਦੇ ਕਮਰਿਆਂ ਵਿਚ ਰਹਿੰਦੇ ਹਨ। ਊਸ਼ਾ ਨੇ ਮਨੋਜ ਦੀ ਲਾਸ਼ ਨੂੰ ਰੱਸੀ ਨਾਲ ਬੰਨ੍ਹਣ ਵਿਚ ਮਦਦ ਕੀਤੀ ਸੀ।ਇਸੇ ਕਰਕੇ ਫਾਗੂ, ਜੈਵੀਰ ਤੇ ਵਿਸ਼ਾਲ ਨੇ ਵੀ ਲਾਸ਼ ਨੂੰ ਟਿਕਾਣੇ ਲਗਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ
ਵੀਡੀਓ ਲਈ ਕਲਿੱਕ ਕਰੋ -:
।
























