Major action against illicit liquor : ਰਾਜਪੁਰਾ : ਆਬਕਾਰੀ ਵਿਭਾਗ, ਪੰਜਾਬ ਅਤੇ ਆਬਕਾਰੀ ਪੁਲਿਸ ਵੱਲੋਂ ਬੀਤੀ ਦੇਰ ਸ਼ਾਮ ਪੰਜਾਬ ਸਰਕਾਰ ਦੇ ਓਪਰੇਸ਼ਨ ਰੈਡ ਰੋਜ਼ ਅਧੀਨ ਇੱਕ ਵੱਡੀ ਤੇ ਅਹਿਮ ਕਾਰਵਾਈ ਕਰਦਿਆਂ ਰਾਜਪੁਰਾ ਬਾਈਪਾਸ ਵਿਖੇ ਸਕਾਲਰ ਪਬਲਿਕ ਸਕੂਲ ਦੇ ਸਾਹਮਣੇ ਇੱਕ ਗੋਦਾਮ ਵਿਖੇ ਛਾਪੇਮਾਰੀ ਕਰਕੇ ਨਜ਼ਾਇਜ਼ ਦੇਸੀ ਸ਼ਰਾਬ ਦੇ ਬਾਟਲਿੰਗ ਪਲਾਂਟ ਦਾ ਪਰਦਾਫਾਸ਼ ਕੀਤਾ ਹੈ। ਆਬਕਾਰੀ ਪੁਲਿਸ ਨੇ 2 ਜਣਿਆਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਹੈ।
ਮੌਕੇ ਤੋਂ ਈ.ਐਨ.ਏ. (ਐਕਸਟਰਾ ਨਿਊਟਰਲ ਈਥਾਨੋਲ) ਨਾਲ ਭਰਿਆ (20 ਹਜ਼ਾਰ ਲਿਟਰ) ਟੈਂਕਰ, ਪੰਜਾਬ ਰਸੀਲਾ ਸੰਤਰਾ ਮਾਰਕਾ ਦੇਸ਼ੀ ਸ਼ਰਾਬ ਕਰੀਬ 43 ਪੇਟੀਆਂ ਤਿਆਰ ਜਾਅਲੀ ਸ਼ਰਾਬ, ਲੇਬਲਜ਼, ਢੱਕਣ ਤੇ ਸੀਲਿੰਗ ਮਸ਼ੀਨ ਆਦਿ ਸਾਜ਼ੋ ਸਮਾਨ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਿਪੇਸ਼ ਗਰੋਵਰ ਵਾਸੀ ਰਾਜਪੁਰਾ ਅਤੇ ਕਾਰਜ ਸਿੰਘ ਵਾਸੀ ਸਮਸ਼ਪੁਰ ਵਜੋਂ ਹੋਈ ਹੈ, ਜਦੋਂਕਿ ਹਰਦੀਪ ਸਿੰਘ ਬਚੀ ਡਰਾਇਵਰ ਫਰਾਰ ਹੋ ਗਿਆ।
ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਦਾਮ ਬਾਰੇ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਅਤੇ ਜਿਸ ‘ਤੇ ਉਨ੍ਹਾਂ ਨੇ ਛਾਪੇਮਾਰੀ ਕਰਕੇ ਇਸ ਗੋਦਾਮ ਵਿੱਚ ਚੱਲ ਰਹੇ ਇਸ ਨਾਜਾਇਜ਼ ਸ਼ਰਾਬ ਤਿਆਰ ਕਰਨ ਦੇ ਧੰਦੇ ਨੂੰ ਬੇਪਰਦ ਕੀਤਾ ਹੈ। ਇਸ ਮਾਮਲੇ ਦੀ ਹੋਰ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ‘ਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀਂ ਥਾਣਾ ਸਿਟੀ ਰਾਜਪੁਰਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਥੇ ਹੀ ਅੱਜ ਇਸ ਫੈਕਟਰੀ ਦਾ ਪੰਜਾਬ ਦੇ ਵਿੱਤ ਕਮਿਸ਼ਨਰ (ਕਰ) ਸ੍ਰੀ ਏ. ਵੇਨੂੰ ਪ੍ਰਸਾਦ ਜਾਇਜ਼ਾ ਲੈਣ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਕਲੀ ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਪ੍ਰਤੀ ਅਪਣਾਈ ‘ਜ਼ੀਰੋ ਟਾਲਰੇਂਸ’ ਦੀ ਨੀਤੀ ‘ਤੇ ਸਖ਼ਤੀ ਨਾਲ ਅਮਲ ਕੀਤਾ ਜਾ ਰਿਹਾ ਹੈ।