Major revelations about the police : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਵਿਚ ਵੱਡੇ ਖੁਲਾਸੇ ਹੋਏ ਹਨ, ਜਿਸ ਨੇ ਸਰਕਾਰ ਤੇ ਪ੍ਰਸ਼ਾਸਨਿਕ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਤਰਨਤਾਰਨ ਦੇ ਸਰਪੰਚ ਜਿਸ ਦੇ ਭਰਾ ਦੀ ਮੌਤ ਵੀ ਇਸ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ, ਨੇ ਦੱਸਿਆ ਕਿ ਪੰਜਾਬ ਵਿਚ ਅਤੇ ਖਾਸਕਰ ਤਰਨਤਾਰਨ ਵਿਚ ਨਸ਼ੇ ਦੀ ਸਪਲਾਈ ਲੌਕਡਾਊਨ ਦੌਰਾਨ ਵੀ ਹੁੰਦੀ ਰਹੀ। ਪੁਲਿਸ ਨੂੰ ਹਰ ਤਰ੍ਹਾਂ ਦੀ ਸੂਚਨਾ ਅਤੇ ਸ਼ਿਕਾਇਤ ਹੋਣ ਦੇ ਬਾਵਜੂਦ ਪੁਲਿਸ ਕਾਰਵਾਈ ਤੋਂ ਕਤਰਾਉਂਦੀ ਰਹੀ ਹੈ। ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਅਤੇ ਸ਼ਰਾਬ ਠੇਕੇਦਾਰਾਂ ਨੇ ਵੀ ਪੁਲਿਸ ‘ਤੇ ਦੋਸ਼ ਲਗਾਏ ਹਨ ਕਿ ਪੁਲਿਸ ਨੂੰ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਨਾਂ ਅਤੇ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।
ਮਿਲੀ ਜਾਣਕਾਰੀ ਮੂਤਾਬਕ ਅੰਮ੍ਰਿਤਸਰ ਦੇ ਪਿੰਡ ਮੁੱਛਲ ਤੋਂ ਗ੍ਰਿਫਤਾਰ ਹੋਈ ਬਲਵਿੰਦਰ ਕੌਰ ਦਾ ਆਪਣੇ ਪਿੰਡ ਵਿਚ ਇੰਨਾ ਕੁ ਦਬਦਬਾ ਸੀ ਕਿ ਕੋਈ ਵੀ ਅਧਿਕਾਰੀ ਉਸ ਵਿਰੁੱਧ ਕਾਰਵਾਈ ਦੀ ਹਿੰਮਤ ਨਹੀਂ ਕਰਦਾ ਸੀ, ਉਥੇ ਹੀ ਬਟਾਲਾ ਤੋਂ ਗ੍ਰਿਫਤਾਰ ਹੋਈ ਔਰਤ ਤ੍ਰਿਵੇਣੀ ਸਾਬਕਾ ਫੌਜੀ ਦੀ ਪਤਨੀ ਹੈ ਅਤੇ ਆਪਣਾ ਯੂਟਿਊਬ ਚਲਾਉਂਦੀ ਹੈ। ਸਤਲੁਜ ਦਰਿਆ ਦੇ ਕੰਢੇ ਵੱਸੇ ਇਕ ਦਰਜਨ ਪਿੰਡਾਂ ਵਿਚ ਖੁੱਲ੍ਹੇਆਮ ਦੇਸੀ ਸ਼ਰਾਬ ਬਣਾਉਣ ਦਾ ਕਾਰੋਬਾਰ ਚੱਲ ਰਿਹਾ ਹੈ।
ਸਥਾਨਕ ਆਬਕਾਰੀ ਤੇ ਦਿਹਾਤ ਦੀ ਪੁਲਿਸ ਦੀ ਮਿਲੀਭੁਗਤ ਨਾਲ ਸਮੱਗਲਰ ਖੁੱਲ੍ਹੇਆਮ ਸ਼ਰਾਬ ਦੀ ਸਪਲਾਈ ਘਰਾਂ ਦੇ ਦਰਵਾਜ਼ੇ ਤੱਕ ਕਰ ਰਹੇ ਹਨ। ਪਿੰਡ ਥੰਮੂਵਾਲ, ਬਾਉਪੁਰ, ਰਾਮਪੁਰ, ਦਾਨੇਵਾਲ, ਭੋਏਪੁਰ, ਚੰਨਾ ਗੋਡੇ, ਧਰਮੇ ਦੀ ਛੰਨਾਸ ਕੈਮਵਾਲਾ, ਉਮਰੇਵਾਲ, ਸ਼ੋਲੇ, ਬੀਕਲਾ, ਸੰਗੋਵਾਲ ਪਿੰਡ ਵਿਚ ਸ਼ਰਾਬ ਦਾ ਕਾਰੋਬਾਰ ਜ਼ੋਰਾਂ ‘ਤੇ ਹੈ। ਫਿਰੋਜ਼ਪੁਰ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਲੋਕਾਂ ਦੇ ਸਮਰਥਨ ਦੇ ਚੱਲਦਿਆਂ ਜ਼ਹਿਰੀਲੀ ਸ਼ਰਾਬ ਬਣਨ ਦਾ ਸਿਲਸਿਲਾ ਜਾਰੀ ਹੈ। ਇਹ ਸਭ ਕੁਝ ਵੋਟਾਂ ਖਾਤਿਰ ਹੁੰਦਾ ਹੈ। ਸਰਹੱਦੀ ਖੇਤਰਾਂ ਵਿਚ ਜ਼ਿਆਦਾਤਰ ਗਰੀਬ ਲੋਕ ਵੱਸੇ ਹਨ, ਉਨ੍ਹਾਂ ਦੇ ਕੋਲ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹਨ। ਕਈ ਵਾਰ ਇਨ੍ਹਾਂ ਇਲਾਕਿਆਂ ‘ਚ ਹਜ਼ਾਰਾਂ ਲੀਟਰ ਸ਼ਰਾਬ ਪਹਿਲਾਂ ਵੀ ਫੜ੍ਹੀ ਜਾ ਚੁੱਕੀ ਹੈ।