ਜਲੰਧਰ ਵਿਚ ਲੋਹੀਆਂ-ਮਲਸੀਆਂ ਰੋਡ ‘ਤੇ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿਚ ਦੁਬਈ ਤੋਂ ਪਰਤੇ ਆਪਣੇ ਘਰ ਸ਼ਾਹਕੋਟ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਦੋ ਦੋਸਤ ਗੰਭੀਰ ਖਮੀ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਦੀਪਕ ਸ਼ਰਮਾ ਪੁੱਤਰ ਜਗਜੀਤ ਰਾਏ, ਵਾਸੀ ਕੋਟਲਾ ਸੂਰਜ ਮੱਲ, ਸ਼ਾਹਕੋਟ ਵਜੋਂ ਹੋਈ ਹੈ। ਦੀਪਕ ਸ਼ਰਮਾ ਅੱਜ ਹੀ ਦੁਬਈ ਤੋਂ ਭਾਰਤ ਪਰਤਿਆ ਸੀ ਤੇ ਕਾਰ ਤੋਂ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿਚ ਪਿੰਡ ਨਿਹਾਲੂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਆ ਰਹੀ ਸਵਿਫਟ ਨਾਲ ਟੱਕਰ ਹੋ ਗਈ। ਇਸ ਦੇ ਬਾਅਦ ਕਾਰ ਇਕ ਟਰੱਕ ਨਾਲ ਟਕਰਾਈ ਤੇ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਦੀਪਕ ਸ਼ਰਮਾ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਉਸ ਦਾ ਦੋਸਤ ਵੰਸ਼ ਅਰੋੜਾ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਜਲੰਧਰ ਭੇਜਿਆ ਗਿਆ ਹੈ। ਦੂਜੇ ਪਾਸੇ ਦੂਜੇ ਦੋਸਤ ਸਾਹਿਲ ਅਰੋੜਾ ਦੇ ਮਾਮੂਲੀ ਸੱਟਾਂ ਵੱਜੀਆਂ ਹਨ।
ਮ੍ਰਿਤਕ ਦੇ ਜੀਜਾ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਦੇ ਬਾਅਦ ਦੀਪਕ ਸ਼ਰਮਾ ਨੇ ਕਿਹਾ ਸੀ ਕਿ ਉਹ ਖੁਦ ਬੱਸ ਤੋਂ ਪਿੰਡ ਪਹੁੰਚ ਜਾਵੇਗਾ ਪਰ ਬਾਅਦ ਵਿਚ ਉਸ ਨੇ ਸ਼ਾਹਕੋਟ ਵਿਚ ਰਹਿਣ ਵਾਲੇ ਆਪਣੇ ਦੋਸਤ ਵੰਸ਼ ਤੇ ਸਾਹਿਲ ਅਰੋੜਾ ਨੂੰ ਭਾਰਤ ਵਾਪਸ ਆਉਣ ਬਾਰੇ ਦੱਸਿਆ। ਇਸ ਦੇ ਬਾਅਦ ਦੋਵੇਂ ਦੋਸਤ ਆਈ-20 ਕਾਰ ਵਿਚ ਉਸ ਨੂੰ ਲੈਣ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਦੀਪਕ ਸ਼ਰਮਾ ਦੁਬਈ ਵਿਚ ਡਰਾਈਵਿੰਗ ਕਰਦਾ ਸੀ ਤੇ ਭਾਰਤ ਪਰਤਣ ਦੇ ਬਾਅਦ ਖੁਦ ਕਾਰ ਚਲਾਉਣ ਲੱਗਾ। ਕਾਰ ਦੀ ਰਫਤਾਰ ਕਾਫੀ ਤੇਜ਼ ਸੀ ਜਿਸ ਕਰਕੇ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਚੌਪਾਲ ‘ਤੇ ਵੇਖੋ ਦਿਲ ਨੂੰ ਝੰਜੋੜਣ ਵਾਲੀ ਅਮਰਿੰਦਰ ਗਿੱਲ ਦੀ ਫਿਲਮ ‘ਛੱਲਾ ਮੁੜਕੇ ਨਹੀਂ ਆਇਆ’
ਹਾਦਸੇ ਦੇ ਬਾਅਦ ਆਸ-ਪਾਸ ਦੇ ਲੋਕਾਂ ਨੇ ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਦੀਪਕ ਸ਼ਰਮਾ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਥਾਣਾ ਲੋਹੀਆਂ ਦੇ ਐੱਸਐੱਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























