Man shot his wife : ਅੰਮ੍ਰਿਤਸਰ : ਸ਼ਰਾਬ ਦੇ ਨਸ਼ੇ ਵਿੱਚ ਇਨਸਾਨ ਕਦੋਂ ਹੈਵਾਨ ਬਣ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ ਅਤੇ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਕਤਰਾਉਂਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅਜਨਾਲਾ ਦੇ ਲੋਪੋਕੇ ਅਧੀਨ ਪੈਂਦੇ ਪਿੰਡ ਘਾਗਰਮਲ ਤੋਂ, ਜਿਥੇ ਇੱਕ ਪਤੀ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਪਤਨੀ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਲੜਕੀ ਦੀ ਆਨਲਾਈਨ ਕਲਾਸ ਲਈ ਮੋਬਾਈਲ ਨੂੰ ਲੈ ਕੇ ਦੋਹਾਂ ਵਿੱਚ ਝਗੜਾ ਹੋਇਆ ਸੀ, ਜਿਸ ਦੇ ਚੱਲਦਿਆਂ ਮੁਲ਼ਮ ਨੇ ਨਸ਼ੇ ਦੀ ਹਾਲਤ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ। ਮੁਲਜ਼ਮ ਪਤੀ ਬਲਦੇਵ ਸਿੰਘ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਨ੍ਹਾਂ ਦੀ 15 ਸਾਲਾ ਧੀ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਘੱਗਰਮਲ ਪਿੰਡ ਦੀ ਵਸਨੀਕ ਸੰਦੀਪ ਕੌਰ ਨੇ ਦੱਸਿਆ ਕਿ ਉਹ 10ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦਾ ਪਿਤਾ ਬਲਦੇਵ ਸਿੰਘ ਚੌਗਾਵਾ ਦੇ ਇਕ ਸਰਕਾਰੀ ਸਕੂਲ ਵਿਚ ਚੌਕੀਦਾਰ ਵਜੋਂ ਕੰਮ ਕਰਦਾ ਹੈ। ਮਾਂ ਪਰਮਜੀਤ ਸਿੰਘ ਘਰ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਬਲਦੇਵ ਸਿੰਘ ਅਕਸਰ ਹੀ ਸ਼ਰਾਬ ਪੀ ਕੇ ਮਾਮੂਲੀ ਗੱਲਾਂ ’ਤੇ ਉਸ ਦੀ ਮਾਂ ਨਾਲ ਝਗੜਾ ਕਰਦਾ ਸੀ। ਉਸ ਨੇ ਆਨਲਾਈਨ ਪੜ੍ਹਾਈ ਕਰਨੀ ਸੀ ਅਤੇ ਉਸ ਨੇ ਆਪਣੇ ਪਿਤਾ ਕੋਲੋਂ ਉਸ ਦਾ ਮੋਬਾਈਲ ਮੰਗਿਆ। ਪਿਤਾ ਨੇ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਮੋਬਾਈਲ ਨੂੰ ਲੈ ਕੇ ਮਾਪਿਆਂ ਵਿਚਾਲੇ ਤਕਰਾਰ ਹੋ ਗਈ। ਇਸ ਤੋਂ ਬਾਅਦ ਉਸ ਦਾ ਪਿਤਾ ਘਰੋਂ ਚਲਾ ਗਿਆ ਅਤੇ ਦੇਰ ਰਾਤ ਦੁਬਾਰਾ ਸ਼ਰਾਬੀ ਹਾਲਤ ਵਿੱਚ ਘਰ ਪਹੁੰਚਿਆ।
ਉਸ ਦੀ ਮਾਂ ਪਰਮਜੀਤ ਕੌਰ ਰਸੋਈ ਵਿਚ ਖਾਣਾ ਤਿਆਰ ਕਰ ਰਹੀ ਸੀ। ਮੁਲਜ਼ਮ ਨੇ ਘਰ ਵਿੱਚ ਰੱਖੀ ਦੋਨਾਲੀ ਨਾਲ ਉਸ ਦੀ ਮਾਂ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਉਸਦੀ ਮਾਂ ਮੌਕੇ ’ਤੇ ਹੀ ਡਿੱਗ ਪਈ। ਜਿਸਤੋਂ ਬਾਅਦ ਉਸ ਦਾ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਉਸਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ ਤਾਂ ਜੋ ਮਾਂ ਨੂੰ ਕਿਸੇ ਤਰ੍ਹਾਂ ਹਸਪਤਾਲ ਲਿਜਾਇਆ ਜਾ ਸਕੇ, ਪਰ ਉਸਦੀ ਮਾਂ ਦੀ ਮੌਤ ਹੋ ਚੁੱਕੀ ਸੀ।