Manpreet Badal buried his : ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਬਰਾ ਗੁਰਦਾਸ ਬਾਦਲ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਹੁ-ਰੀਤਾਂ ਨਾਲ ਫੁੱਲ ਚੁਗੇ ਗਏ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਏ ਪਿੰਡ ਬਾਦਲ ਦੀ ਰਿਹਾਇਸ਼ ਵਿਖੇ ਆਪਣੇ ਪਿਤਾ ਦੀਆਂ ਅਸਥੀਆਂ ਖੇਤ ਵਿਚ ਮਿੱਟੀ ਵਿਚ ਦੱਬ ਕੇ ਉਨ੍ਹਾਂ ’ਤੇ ਟਾਹਲੀ ਦਾ ਬੂਟਾ ਲਗਾਇਆ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਬੂਟਾ ਜਿਵੇਂ-ਜਿਵੇਂ ਵੱਡਾ ਹੋਵੇਗਾ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ’ਦਾਸ ਜੀ’ ਦੀ ਸ਼ਾਨਦਾਰ ਵਿਰਾਸਤ ਨੂੰ ਚੇਤੇ ਕਰਵਾਉਂਦਾ ਰਹੇਗਾ। ਦੱਸਣਯੋਗ ਹੈ ਕਿ ਆਪਣੀ ਮਾਤਾ ਹਰਮਿੰਦਰ ਕੌਰ ਦੇ ਦਿਹਾਂਤ ’ਤੇ ਵੀ ਮਨਪ੍ਰੀਤ ਬਾਦਲ ਨੇ ਆਪਣੀ ਮਾਤਾ ਦੀਆਂ ਅਸਥੀਆਂ ਨੂੰ ਵੀ ਮਿੱਟੀ ’ਚ ਦੱਬ ਕੇ ਉਸ ’ਤੇ ਟਾਹਲੀ ਦਾ ਬੂਟਾ ਲਗਾਇਆ ਸੀ। ਮਨਪ੍ਰੀਤ ਬਾਦਲ ਦੇ ਪਿਤਾ ਤੇ ਮਾਤਾ ਦੀਆੰ ਅਸਥੀਆਂ ਉਪਰ ਲੱਗੇ ਬੂਟੇ ਨੇੜੇ-ਨੇੜੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ ਸੀ। ਉਹ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਦਿਲ ਅਤੇ ਗੁਰਦੇ ਵੀ ਇਸ ਬੀਮਾਰੀ ਕਾਰਨ ਪ੍ਰਭਾਵਿਤ ਹੋ ਗਏ ਸਨ। ਇਸ ਤੋਂ ਬਾਅਦ ਉਹ ਕਾਫੀ ਦਿਨ ਹਸਪਤਾਲ ਵਿਚ ਭਰਤੀ ਰਹੇ, ਜਿਥੇ ਬੀਤੀ 14 ਮਈ ਨੂੰ ਉਹ ਸਦੀਵੀਂ ਵਿਛੋੜਾ ਦੇ ਗਏ ਸਨ।