Married daughter is also entitled : ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਅਹਿਮ ਫੈਸਲਾ ਲੈਂਦਿਆਂ ਕਿਹਾ ਹੈ ਕਿ ਰੋਜ਼ੀ-ਰੋਟੀ ਦਾ ਸਾਧਨ ਨਾ ਹੋਣ ’ਤੇ ਵਿਆਹੁਤਾ ਧੀ ਵੀ ਆਪਣੇ ਪਿਤਾ ਦੀ ਥਾਂ ’ਤੇ ਤਰਸ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਦੀ ਅਧਿਕਾਰ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵਿਚ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਅਮਰਜੀਤ ਕੌਰ ਨੂੰ ਉਨ੍ਹਾਂ ’ਤੇ ਨਿਰਭਰ ਹੋਣ ਦੇ ਮਾਮਲੇ ਵਿਚ ਅਦਾਲਤ ਨੇ ਸੁਣਵਾਈ ਦੌਰਾਨ ਇਹ ਫੈਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਗਸਟਿਨ ਜਾਰਜ ਮਸੀਹ ਨੇ ਸਰਕਾਰ ਨੂੰ 2001 ਦੀ ਨੀਤੀ ਵਿਚ ਸੋਧ ਕਰਨ ਦਾ ਹੁਕਮ ਦਿੰਦੇ ਹੋਏ ਪਟੀਸ਼ਨਕਰਤਾ ਨੂੰ ਪਿਤਾ ’ਤੇ ਨਿਰਭਰ ਹੋਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਕਿਹਾ ਹੈ। ਨਾਲ ਹੀ ਕਿਹਾ ਹੈ ਕਿ ਇਸ ਸਰਟੀਫਿਕੇਟ ਦੇ ਆਧਾਰ ’ਤੇ ਉਸ ਦੇ ਨੌਕਰੀ ਦੀ ਅਰਜ਼ੀ ’ਤੇ ਵਿਚਾਰ ਕੀਤਾ ਜਾਵੇ।
ਦੱਸਣਯੋਗ ਹੈ ਕਿ ਹਾਈਕੋਰਟ ਵਿਚ ਦਾਇਰ ਕੀਤੀ ਗਈ ਆਪਣੀ ਪਟੀਸ਼ਨ ਵਿਚ ਅਮਰਜੀਤ ਕੌਰ ਨੇ ਪੰਜਾਬ ਦੇ ਡੀਜੀਪੀ ਦੇ 15 ਅਪ੍ਰੈਲ, 2015 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਵਿਆਹੁਤਾ ਧੀ ਨੂੰ ਪਿਤਾ ’ਤੇ ਨਿਰਭਰ ਮੰਨਣ ਤੋਂ ਇਨਕਾਰ ਕਰਦੇ ਹੋਏ ਉਸ ਨੂੰ ਤਰਸ ਦੇ ਆਧਾਰ ’ਤੇ ਕਲਰਕ ਜਾਂ ਕੰਪਿਊਟਰ ਆਪ੍ਰੇਟਰ ਦੇ ਅਹੁਦੇ ’ਤੇ ਨਿਯੁਕਤੀ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਕਸ਼ਮੀਰ ਸਿੰਘ ਦੀ ਅਕਤੂਬਰ 2008 ਵਿਚ ਡਿਊਟੀ ਦੌਰਾਨ ਮੌਤ ਹੋ ਗਈ ਸੀ ਤੇ ਅਮਰਜੀਤ ਕੌਰ ਉਸ ਦੀ ਇਕਲੌਤੀ ਧੀ ਹੋਣ ਕਾਰਨ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਮਾਪਿਆਂ ਦੇ ਘਰ ਹੀ ਰਹਿੰਦੀ ਸੀ। ਪਰਿਵਾਰ ਵਿਚ ਕਸ਼ਮੀਰ ਸਿੰਘ ਹੀ ਇਕੱਲੇ ਨੌਕਰੀ ਕਰਦੇ ਸਨ। ਅਦਾਲਤ ਨੇ ਕਿਹਾ ਕਿ ਜੂਨ 2005 ਵਿਚ ਹਿੰਦੂ ਉਤਰਾਧਿਕਾਰ ਐਕਟ, 1956 ਵਿਚ ਕੀਤੇ ਗਏ ਸੋਧ ਤੋਂ ਬਾਅਦ ਧੀਆਂ ਨੂੰ ਵੀ ਪਿਤਾ ਦੀ ਜਾਇਦਾਦ ਵਿਚ ਬਰਾਬਰ ਦਾ ਹੱਕਦਾਰ ਮੰਨਿਆ ਗਿਆ ਹੈ ਅਜਿਹੇ ’ਚ ਉਨ੍ਹਾਂ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ।
ਜਸਟਿਸ ਮਸੀਹ ਨੇ ਕਿਹਾ ਕਿ ਜੈ ਨਾਰਾਇਣ ਜਾਖਲ ਦੇ ਕੇਸ ਵਿਚ ਹਾਈਕੋਰਟ ਨੇ ਹੀ ਆਪਣੇ ਫੈਸਲੇ ਵਿਚ ਸਪੱਸ਼ਟ ਕੀਤਾ ਸੀ ਕਿ 2001 ਦੀ ਨੀਤੀ ਵਿਚ ਵਿਆਹੁਤਾ ਪੁੱਤਰ ਕੋਲ ਰੋਜ਼ਗਾਰ ਨਾ ਹੋਣ ’ਤੇ ਉਸ ਨੂੰ ਪਿਤਾ ’ਤੇ ਨਿਰਭਰ ਮੰਨਿਆ ਗਿਆ ਹੈ ਪਰ ਵਿਆਹੁਤਾ ਧੀ ਨੂੰ ਪਤੀ ’ਤੇ ਨਿਰਭਰ ਮੰਨਿਆ ਜਾਂਦਾ ਹੈ। ਜੇਕਰ ਵਿਆਹੁਤਾ ਪੁੱਤਰ ਜਾਂ ਧੀ ਦੋਵਾਂ ਕੋਲ ਸੁਤੰਤਰ ਰੋਜ਼ਗਾਰ ਨਾ ਹੋਵੇ ਤਾਂ ਉਹ ਇਕੋ ਹੀ ਪੱਧਰ ’ਤੇ ਆ ਜਾਂਦੇ ਸਨ, ਜਿਸ ਨਾਲ ਵਿਆਹੁਤਾ ਧੀ ਨਾਲ ਭੇਦਭਾਵ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੋਵੇਗੀ, ਜੋ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ।