ਸਦਰ ਪੁਲਸ ਦੇ ਅਧੀਨ ਪੈਂਦੇ ਪਿੰਡ ਧਨੇਠਾ ਵਿੱਚ ਇੱਕ 20 ਸਾਲਾ ਵਿਆਹੁਤਾ ਦੀ ਸੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਮ੍ਰਿਤਕਾ ਦੇ ਮਾਤਾ-ਪਿਤਾ ਨੂੰ ਬਿਨਾਂ ਸੂਚਿਤ ਕੀਤੇ ਹੀ ਰਾਤ ਦੇ ਸਮੇਂ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪਿੰਡ ਗੜ੍ਹੀ ਸਾਹਿਬ ਵਿੱਚ ਅੰਤਿਮ ਸੰਸਕਾਰ ਕਰ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਦਕਿ ਸਹੁਰਾ ਪਰਿਵਾਰ ਇਸ ਨੂੰ ਫਾਹਾ ਲੈ ਕੇ ਕੀਤੀ ਗਈ ਖੁਦਕੁਸੀ ਕਰਾਰ ਦੇ ਰਿਹਾ ਹੈ।
ਪਿੰਡ ਵਾਸੀਆਂ ਬਬਲੀ, ਹਰਪ੍ਰੀਤ, ਗੁਰਮੀਤ ਮੈਂਬਰ ਅਤੇ ਮੌਜੂਦਾ ਸਰਪੰਚ ਰਾਜ ਸਿੰਘ ਵੱਲੋਂ ਦੋਸ਼ ਲਗਾਉਂਦਿਆਂ ਦੱਸਿਆ ਗਿਆ ਕਿ ਤਿੰਨ ਮਹੀਨੇ ਦੀ ਗਰਭਵਤੀ ਤਨੂੰ 5 ਫਰਵਰੀ ਨੂੰ ਦੁਪਹਿਰ ਸਮੇਂ ਘਰੇਲੂ ਝਗੜੇ ਤੋਂ ਬਾਅਦ ਗੁੱਸੇ ਵਿੱਚ ਘਰੋਂ ਜਾ ਰਹੀ ਸੀ, ਜਿਸ ਨੂੰ ਬਸਤੀ ਦੀਆਂ ਔਰਤਾਂ ਨੇ ਸਮਝਾ ਕੇ ਵਾਪਸ ਘਰ ਛੱਡ ਦਿੱਤਾ। ਪਰ ਸ਼ਾਮ ਵੇਲੇ ਹੀ ਉਸ ਦੀ ਮੌਤ ਦੀ ਖ਼ਬਰ ਮਿਲੀ ਅਤੇ ਰਾਤ ਦੇ ਹਨੇਰੇ ਵਿੱਚ ਹੀ ਹਰਿਆਣਾ ਦੇ ਪਿੰਡ ਗੜ੍ਹੀ ਸਾਹਿਬ ਵਿਖੇ ਬਿਨਾਂ ਮਾਤਾ-ਪਿਤਾ ਨੂੰ ਸੂਚਨਾ ਦਿੱਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮਾਮਲੇ ’ਚ ਸ਼ੱਕ ਹੋਣ ’ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਪੰਚ ਗੁਰਦੀਪ ਸਿੰਘ ਵੱਲੋਂ ਬਿਨਾਂ ਕਿਸੇ ਨੂੰ ਦੱਸੇ ਤਨੂੰ ਦਾ ਸੰਸਕਾਰ ਕਰਵਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਧੀ ਲਾਸ਼ ਦਾ ਸੰਸਕਾਰ ਕੀਤਾ ਗਿਆ, ਜਦਕਿ ਪੁਲਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਾਸ ਸਬੰਧੀ ਕੋਈ ਠੋਸ ਸਬੂਤ ਹਾਲੇ ਤੱਕ ਨਹੀਂ ਮਿਲਿਆ। ਮਵੀਕਲਾਂ ਪੁਲਿਸ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਨੂੰ ਦਾ ਵਿਆਹ ਇੱਕ ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਪਿੰਡ ਧਨੇਠਾ ਦੇ ਕਿਸ਼ਨ ਸਿੰਘ ਨਾਲ ਹੋਇਆ ਸੀ ਅਤੇ ਉਹ ਤਿੰਨ ਮਹੀਨੇ ਦੀ ਗਰਭਵਤੀ ਸੀ।
ਇਹ ਵੀ ਪੜ੍ਹੋ : ਬਠਿੰਡਾ : ਅਟੈਚੀ ‘ਚੋਂ ਕੁੜੀ ਦੀ ਦੇ/ਹ ਮਿਲਣ ਦੇ ਮਾਮਲੇ ‘ਚ ਵੱਡੀ ਅਪਡੇਟ, ਪੁਲਿਸ ਨੇ ਕੀਤੇ ਅਹਿਮ ਖੁਲਾਸੇ
ਸਹੁਰਾ ਪਰਿਵਾਰ ਲੜਕੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦੀ ਗੱਲ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਰਹਿੰਦੇ ਲੜਕੀ ਦੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਨੇ ਪੁੱਛਗਿੱਛ ਲਈ ਮ੍ਰਿਤਕਾ ਦੇ ਸਹੁਰਾ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ, ਬਿਆਨ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























