Martyr Rajwinder Singh was : ਸਮਾਨਾ (ਪਟਿਆਲਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਦੇਸ਼ ਦੀ ਰੱਖਿਆ ਵਿਚ ਜਾਨ ਕੁਰਬਾਨ ਕਰ ਦੇਣ ਵਾਲੇ ਨਾਇਕ ਰਾਜਵਿੰਦਰ ਸਿੰਘ ਨੂੰ ਉਸ ਦੇ ਜੱਦੀ ਪਿੰਡ ਦੋਦੜਾ ਵਿਚ ਸਰਕਾਰੀ ਤੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ, ਜਿਥੇ ਉਸ ਦੇ ਬਜ਼ੁਰਗ ਪਿਤਾ ਅਵਤਾਰ ਸਿੰਘ, ਮਾਤਾ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਆਪਣੇ ਪੁੱਤਰ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ ਤੇ ਲੋਕਾਂ ਵੱਲੋਂ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ।
ਸ਼ਹੀਦ ਦੀ ਮ੍ਰਿਤਕ ਦੇਹ ਦੀ ਅੰਤਿਮ ਵਿਦਾਈ ਮੌਕੇ ਆਲੇ-ਦੁਆਲੇ ਦੇ ਪਿੰਡਾਂ ਦੇ ਹਜ਼ਾਰਾਂ ਲੋਕ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਲਮ ਸਿੰਘ ਨੇ ਅਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਐਸਡੀਐਮ ਨਾਭਾ ਕਾਲਾ ਰਾਮ ਬਾਂਸ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਰੀਥ ਰਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪਟਿਆਲਾ ਦੇ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਦੇ ਤਾਬੂਤ ’ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਮਾਤਾ-ਪਿਤਾ ਨੂੰ ਸੌਂਪ ਕੇ ਸਲਿਊਟ ਕੀਤਾ।
ਰਾਜਵਿੰਦਰ ਦਾ ਜਨਮ 15 ਅਕਤੂਬਰ 1990 ਨੂੰ ਪਿੰਡ ਦੋਦੜਾ ਵਿਚ ਹੋਇਆ ਸੀ ਅਤੇ ਉਹ ਭਾਰਤੀ ਫੌਜ ਵਿਚ 24 ਮਾਰਚ 2011 ਵਿਚ ਭਰਤੀ ਹੋਏ ਸਨ। ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੇ 24 ਪੰਜਾਬ ਰੈਜੀਮੈਂਟ ਜੁਆਇਨ ਕੀਤੀ। ਫੌਜ ਦੇ ਸਭ ਤੋਂ ਵੱਧ ਸਰੀਰਕ ਅਤੇ ਮਾਨਸਿਕ ਤੌਰ ’ਤੇ ਫਿਟ ਸਿਪਾਹੀਆਂ ਦੀ ਯੂਨਿਟ ਵਿਚ ਸ਼ਾਨਾਦਰ ਸੇਵਾਵਾਂ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਸਵੈ-ਇੱਛਾ ਨਾਲ 53 ਰਾਸ਼ਟਰੀ ਰਾਈਫਲਸ ਦੇ ਕਾਊਂਟਰ ਟੈਰੋਰਿਸਟ ਆਪ੍ਰੇਸ਼ਨ ਵਿਚ ਪੋਸਟਿੰਗ ਕਰਵਾਈ। ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਪਿੰਡ ਗੋਸੂ ਵਿਚ ਅੱਤਵਾਦੀਆਂ ਖਿਲਾਫ ਫੌਜ ਦੇ ਚੱਲ ਰਹੇ ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਚਿਹਰੇ ’ਤੇ ਗੋਲੀ ਲੱਗੀ, ਜਿਸ ਦਾ ਮਿਲਟਰੀ ਹਸਪਤਾਲ ਵਿਚ ਆਪ੍ਰੇਸ਼ਨ ਵੀ ਕੀਤਾ ਗਿਆ ਪਰ ਉਹ ਬੱਚ ਨਾ ਸਕੇ।