Martyr Rajwinder Singh was cremated : ਗੋਇੰਦਵਾਲ ਸਾਹਿਬ : ਰਾਜੌਰੀ ਦੇ ਨੌਸ਼ਹਿਰਾ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਪਿੰਡ ਗੋਇੰਦਵਾਲ ਸਾਹਿਬ ਦੇ ਜੇਸੀਓ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਨੂੰ ਬੀਤੇ ਦਿਨ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਫੌਜੀ ਸਨਮਾਨਾਂ ਨਾਲ ਤੇ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਾਮ 5 ਵਜੇ ਪਿੰਡ ਵਿਚ ਪਹੁੰਚੀ ਸੀ। ਲਿੰਕ ਰੋਡ ਤੋਂ ਜਵਾਨ ਦੇ ਘਰ ਤੱਕ ਜਾਂਦੀ 200 ਮੀਟਰ ਦੀ ਗਲੀ ਸ਼ਹੀਦ ਨੂੰ ਸਲਾਮ ਕਰਨ ਵਾਲਿਆਂ ਨਾਲ ਭਰੀ ਸੀ। ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਲਿਜਾਈ ਗਈ।
ਮ੍ਰਿਤਕ ਦੇਹ ਨੂੰ ਦੇਖਦੇ ਹੀ ਸ਼ਹੀਦ ਦੀ ਪਤਨੀ ਮਨਪ੍ਰੀਤ ਕੌਰ, ਮਾਣ ਬਲਵਿੰਦਰ ਕੌਰ, ਪੁੱਤਰ ਅਤੇ ਦੋਵੇਂ ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਅੰਤਿਮ ਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ’ਸ਼ਹੀਦ ਰਾਜਵਿੰਦਰ ਸਿੰਘ ਅਮਰ ਰਹਿਣਗੇ’ ਦੀਆਂ ਗੂੰਜਾਂ ਨਾਲ ਸਨਮਾਨ ਨਾਲ ਜਵਾਨ ਦੀ ਅੰਤਿਮ ਯਾਤਰਾ ਕੱਢੀ ਗਈ। ਸ਼ਹੀਦ ਦੀ ਮਾਂ ਬਲਵਿੰਦਰ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਵਿੰਦਰ ਦੀ ਸ਼ਹਾਦਤ ’ਤੇ ਮਾਣ ਹੈ। ਹੰਝੂ ਭਰੀਆਂ ਅੱਖਾਂ ਨਾਲ ਸ਼ਹੀਦ ਦੀ ਧੀ ਅਕਸ਼ਜੋਤ ਨੇ ਸੈਲਿਊਟ ਉਨ੍ਹਾਂ ਨੂੰ ਸੈਲਿਊਟ ਕੀਤਾ ਅਤੇ ਪੁੱਤਰ ਜੋਬਨਜੀਤ ਨੇ ਮੁੱਖ ਅਗਨੀ ਦੇ ਕੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ।
ਦੱਸਣਯੋਗ ਹੈ ਕਿ 29 ਅਗਸਤ ਨੂੰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਅੰਨੇਵਾਹ ਗੋਲੀਬਾਰੀ ਦੌਰਾਨ ਨਾਇਬ ਸੂਬੇਦਾਰ ਰਾਜਵੰਦਰ ਸਿੰਘ ਸ਼ਹੀਦ ਹੋ ਗਏ ਸਨ। ਜ਼ਿਲਾ ਤਰਨ ਤਾਰਨ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਗੋਇੰਦਵਾਲ ਦੇ ਵਾਸੀ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਿਤਾ ਸਵਰਗੀ ਹੌਲਦਾਰ ਜਗੀਰ ਸਿੰਘ ਨੇ ਵੀ ਫੌਜ ਵਿੱਚ ਸੇਵਾ ਨਿਭਾਈ। ਸ਼ਹੀਦ ਰਾਜਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਮਨਪ੍ਰੀਤ ਕੌਰ, 16 ਸਾਲਾ ਪੁੱਤਰ ਅਤੇ 15 ਸਾਲਾ ਧੀ ਛੱਡ ਗਏ ਹਨ।