ਕਰਜ਼ਾ ਮਾਫੀ ਤੇ MSP ਸਣੇ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ। ਭਲਕੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸੇ ਦਰਮਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 27 ਤੇ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਹੋਵੇਗੀ। ਉਸ ਮੀਟਿੰਗਾਂ ਵਿਚ ਪੂਰੇ ਦੇਸ਼ ਦੀ ਲੀਡਰਸ਼ਿਪ ਸੱਦੀ ਜਾਵੇਗੀ ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਮੀਟਿੰਗ ਦਾ ਪ੍ਰੋਗਰਾਮ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਕਿਸਾਨੀ ਅੰਦੋਲਨ ਵਿਚ ਮੰਗਾਂ ਜਦੋਂ ਕਿ ਮੰਨੀਆਂ ਜਾ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਵਾਸਤੇ ਇੰਨੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਹਨ ਤੇ ਮੋਰਚਾ ਲੱਗਾ ਹੈ ਤੇ ਜਦੋਂ ਮੋਰਚਾ ਲੱਗਾ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਮੰਗਾਂ ਮੰਨ ਲੈਂਦੇ ਤੇ ਇਸ ਨੂੰ ਲਾਗੂ ਕਰ ਦਿੰਦੀ ਪਰ ਅਜਿਹਾ ਨਹੀਂ ਹੋਇਆ। ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਜਿਸ ਕਾਰਨ ਕਿਸਾਨਾਂ ਨੂੰ ਫਿਰ ਤੋਂ ਅੰਦੋਲਨ ਕਰਨਾ ਪਿਆ।
ਬੀਤੇ ਦਿਨੀਂ ਫਿਰੋਜ਼ਪੁਰ ਦੇ 32 ਸਾਲ ਦੇ ਗੁਰਜੰਟ ਸਿੰਘ ਦੀ ਰਾਜਪੁਰਾ ਕੋਲ ਸੜਕ ਹਾਦਸੇ ਵਿਚ ਮੌਤ ਹੋ ਗਈ। ਸ਼ੰਭੂ ਬਾਰਡਰ ‘ਤੇ ਕਿਸਾਨ ਸੰਗਠਨਾਂ ਵੱਲੋਂ ਮ੍ਰਿਤਕ ਕਿਸਾਨ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ‘ਤੇ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਗੁਰਜੰਟ ਸਿੰਘ ਨੂੰ ਕਿਸਾਨ ਅੰਦੋਲਨ ਦਾ ਬਲਿਦਾਨੀ ਐਲਾਨੇ। ਨਾਲ ਹੀ ਬਣਦਾ ਮੁਆਵਜ਼ਾ ਤੇ ਹੋਰ ਸਹੂਲਤਾਂ ਪੀੜਤ ਪਰਿਵਾਰ ਨੂੰ ਦੇਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਿਸਾਨ ਸੰਗਠਨ ਸੂਬਾ ਸਰਕਾਰ ਦੇ ਸਾਹਮਣੇ ਵੀ ਚੁੱਕਣਗੇ।
ਇਹ ਵੀ ਪੜ੍ਹੋ : ਭਲਕੇ ਕਿਸਾਨਾਂ ਵੱਲੋਂ ਦੇਸ਼ ਭਰ ‘ਚ ਕੱਢਿਆ ਜਾਵੇਗਾ ‘ਟਰੈਕਟਰ ਮਾਰਚ’, ਰਾਕੇਸ਼ ਟਿਕੈਤ ਨੇ ਰਣਨੀਤੀ ਦੀ ਦੱਸੀ ਕੱਲੀ-ਕੱਲੀ ਗੱਲ
ਦੱਸ ਦੇਈਏ ਕਿ ਗੁਰਜੰਟ ਸਿੰਘ ਆਪਣੇ ਸਾਥੀਆਂ ਨਾਲ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਜਾ ਰਹੇ ਸੀ। ਰਾਜਪੁਰਾ ਕੋਲ ਉਨ੍ਹਾਂ ਦੀ ਟਰੈਕਟਰ-ਟਰਾਲੀ ਪਲਟ ਗਈ। ਇਸ ਨਾਲ ਗੁਰਜੰਟ ਦੀ ਮੌਕੇ ‘ਤੇ ਹੀ ਮੌਤ ਹੋ ਗਈ।