Meteorological Department advises drinkers : ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦਾ ਕਹਿਣਾ ਹੈ ਕਿ ਅਗਲੀ ਕੁਝ ਦਿਨਾਂ ਵਿੱਚ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈਣ ਵਾਲੀ ਹੈ, ਅਜਿਹੇ ਵਿੱਚ ਘਰ ’ਚ ਬੈਠੇ-ਬੈਠੇ ਜਾਂ ਨਵੇਂ ਸਾਲ ਦੀ ਪਾਰਟੀ ਵਿੱਚ ਸ਼ਰਾਬ ਪੀਣਾ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਪ੍ਰਭਾਵ ਆਧਾਰਿਤ ਆਪਣੀ ਤਾਜ਼ਾ ਸਲਾਹ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ 28 ਦਸੰਬਰ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਭਿਅੰਕਰ ਸੀਤ ਲਹਿਰ ਚੱਲਣ ਦਾ ਅਨੁਮਾਨ ਹੈ।
ਸੀਤ ਲਹਿਰ ਦੌਰਾਨ, ਫਲੂ, ਜ਼ੁਕਾਮ, ਨੱਕ ਤੋਂ ਖੂਨ ਵਗਣਾ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ ਅਤੇ ਜੋ ਲੋਕ ਲੰਬੇ ਸਮੇਂ ਤੋਂ ਠੰਡ ਕਾਰਨ ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵੀ ਵਧਣਗੀਆਂ। ਸਲਾਹ ਵਿਚ ਕਿਹਾ ਗਿਆ ਹੈ, “ਸ਼ਰਾਬ ਨਾ ਪੀਓ, ਇਸ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ।” ਉਸ ਵਿੱਚ ਕਿਹਾ ਗਿਆ ਹੈ ਕਿ “ਘਰ ਦੇ ਅੰਦਰ ਰਹੋ. ਵਿਟਾਮਿਨ ਸੀ ਵਾਲੇ ਫਲਾਂ ਦੀ ਵਰਤੋਂ ਕਰੋ, ਆਪਣੀ ਚਮੜੀ ਨੂੰ ਨਰਮ ਰੱਖੋ ਤਾਂ ਜੋ ਕੜਾਕੇ ਦੀ ਠੰਡ ਦੇ ਅਸਰ ਤੋਂ ਬਚਿਆ ਜਾ ਸਕੇ।”
ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਹਿਮਾਲਿਆ ਦੇ ਉਪਰਲੇ ਹਿੱਸੇ ਵਿੱਚ ਪੱਛਮੀ ਗੜਬੜੀ ਦੇ ਕਾਰਨ ਐਤਵਾਰ ਅਤੇ ਸੋਮਵਾਰ ਨੂੰ ਤਾਪਮਾਨ ਵਿੱਚ ਕੁੱਝ ਵਾਧਾ ਹੋਵੇਗਾ, ਪਰ ਇਹ ਰਾਹਤ ਥੋੜੇ ਸਮੇਂ ਲਈ ਮਿਲੇਗੀ। ਪੱਛਮੀ ਗੜਬੜ ਕਾਰਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਤਾਜ਼ਾ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗੜਬੜ ਖਤਮ ਹੋਣ ਤੋਂ ਬਾਅਦ, ਠੰਡੀ ਅਤੇ ਸੁੱਕੀ ਪੱਛਮੀ ਹਵਾ ਪੱਛਮੀ ਹਿਮਾਲਿਆ ਤੋਂ ਆਵੇਗੀ, ਜਿਸ ਨਾਲ ਉੱਤਰੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਡਿਗ ਜਾਵੇਗਾ ਅਤੇ ਇਹ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।