ਚੰਡੀਗੜ੍ਹ ਪੀਜੀਆਈ ਵਿੱਚ ਭਰਤੀ ਫਲਾਇੰਗ ਸਿੱਖ ਪਦਮਸ੍ਰੀ ਮਿਲਖਾ ਸਿੰਘ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਫਿਲਹਾਲ ਉਹ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਹਨ। ਪੀਜੀਆਈ ਦੇ ਬੁਲਾਰੇ ਪ੍ਰੋ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿਲਖਾ ਸਿੰਘ ਤੇਜ਼ੀ ਨਾਲ ਰਿਕਵਰ ਹੋ ਰਹੇ ਹਨ।
ਸੀਨੀਅਰ ਡਾਕਟਰਾਂ ਦੀ ਟੀਮ ਦੁਆਰਾ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ, ਉਨ੍ਹਾਂ ਦੇ ਸਾਰੇ ਮੈਡੀਕਲ ਪੈਰਾਮੀਟਰ ਨਾਰਮਲ ਹਨ। ਜਦੋਂ ਉਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ, ਤਾਂ ਉਨ੍ਹਾਂ ਦਾ ਆਕਸੀਜਨ ਦਾ ਪੱਧਰ 88 ਤੱਕ ਸੀ, ਹੁਣ ਉਨ੍ਹਾਂ ਨੇ ਕਾਫੀ ਰਿਕਵਰੀ ਕਰ ਲਈ ਹੈ ਅਤੇ ਹੁਣ ਉਨ੍ਹਾਂ ਦਾ ਆਕਸੀਜਨ ਦਾ ਪੱਧਰ 98 ਤੱਕ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ 17 ਮਈ ਨੂੰ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ 31 ਮਈ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਪਾਤੜਾਂ ਦੀ ਸੁੰਦਰ ਬਸਤੀ ਨੂੰ ਲੱਗਿਆ ਗ੍ਰਹਿਣ, ਘਰਾਂ ਵਿੱਚ ਵੜਿਆ ਸੀਵਰੇਜ ਦਾ ਪਾਣੀ, ਪ੍ਰੇਸ਼ਾਨ ਲੋਕਾਂ ਨੇ ਲਾਈ ਗੁਹਾਰ
ਇਸ ਤੋਂ ਬਾਅਦ ਉਹ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸੈਕਟਰ-8 ਸਥਿਤ ਆਪਣੇ ਘਰ ਵਿਚ ਹੀ ਸਨ। 3 ਜੂਨ ਨੂੰ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਆਕਸੀਜਨ ਦਾ ਪੱਧਰ ਘੱਟਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ। ਉਥੇ ਹੀ ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਪਤਨੀ ਨਿਰਮਲ ਕੌਰ ਦੀ ਹਾਲਤ ਵਿਚ ਸੁਧਾਰ ਹੋਣ ਦੀ ਖ਼ਬਰ ਵੀ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੈ।