Millions of rupees swindled in the name : ਜਲੰਧਰ ਵਿੱਚ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਗਿਰਵੀ ਰਖ ਕੇ ਬੈਂਕ ਤੋਂ ਕਰਜ਼ਾ ਲਿਆ ਪਰ ਟ੍ਰੈਵਲ ਏਜੰਟ ਨੇ ਉਸ ਦੇ ਪੈਸੇ ਹੜਪ ਲਏ। ਸੌਦੇਬਾਜ਼ੀ ਕਰਦੇ ਸਮੇਂ ਟ੍ਰੈਵਲ ਏਜੰਟ ਨੇ ਇਹ ਵੀ ਝੂਠ ਬੋਲਿਆ ਕਿ ਉਸ ਦੀ ਪਤਨੀ ਸਥਾਈ ਤੌਰ ’ਤੇ ਅਮਰੀਕਾ ਵਿੱਚ ਹੀ ਰਹਿੰਦੀ ਹੈ। ਪੈਸਾ ਲੈਣ ਤੋਂ ਬਾਅਦ ਵੀ ਪੁੱਤਰ ਦਾ ਵੀਜ਼ਾ ਨਹੀਂ ਲੱਗਾ ਤਾਂ ਪਿਤਾ ਨੇ ਟ੍ਰੈਵਲ ਏਜੰਟ ਤੋਂ ਪੈਸੇ ਵਾਪਿਸ ਮੰਗੇ। ਇਸ ਤੋਂ ਉਹ ਭੜਕ ਉਠਿਆ ਅਤੇ ਧਮਕਾਉਣ ਲੱਗਾ ਕਿ ਉਸ ਦੇ ਸਿਆਸੀ ਆਗੂਆਂ ਤੇ ਵੱਡੇ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸੰਬੰਧ ਹਨ, ਉਸ ਨੂੰ ਤੇ ਉਸ ਦੇ ਪੁੱਤਰ ਨੂੰ ਐਨਡੀਪੀਐਸ (ਨਸ਼ਾ ਸਮੱਗਲਿੰਗ) ਦੇ ਝੂਠੇ ਕੇਸ ਵਿੱਚ ਫਸਾ ਦੇਵੇਗਾ। ਇਸ ’ਤੇ ਪਿਤਾ ਨੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ। ਜਾਂਚ ਵਿੱਚ ਪੁਲਿਸ ਨੇ ਵੀ ਲਗਭਗ ਦੋ ਸਾਲ ਲਗਾ ਦਿੱਤੇ ਅਤੇ ਹੁਣ ਟ੍ਰੈਵਲ ਏਜੰਟ ਖਿਲਾਫ ਥਾਣਾ ਮਕਸੂਦਾਂ ਵਿੱਚ ਧੋਖਾਧੜੀ ਅਤੇ ਟ੍ਰੈਵਲ ਐਕਟ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮਕਸੂਦਾਂ ਦੇ ਨੁੱਸੀ ਦੇ ਰਹਿਣ ਵਾਲੇ ਓਂਕਾਰ ਸਿੰਘ ਨੇ 9 ਅਗਸਤ 2018 ਨੂੰ ਰੂਰਲ ਪੁਲਿਸ ਦੇ ਐਸਐਸਪੀ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਸੁਖਦੇਵ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਲਿੱਦੜਾਂ ਦੇ ਰਹਿਣ ਵਾਲੇ ਬਲਦੇਵ ਰਾਜ ਨਾਲ ਚੰਗੇ ਸੰਬੰਧ ਸਨ। ਉਨ੍ਹਾਂ ਨੇ ਬਲਦੇਵ ਨਾਲ ਇਸ ਬਾਰੇ ਚਰਚਾ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਪਤਨੀ ਅਮਰੀਕਾ ਵਿੱਚ ਸਥਾਈ ਤੌਰ ’ਤੇ ਰਹਿੰਦੀ ਹੈ। ਉਨ੍ਹਾਂ ਨੂੰ ਅਮਰੀਕਾ ਜਾਣ ਤੇ ਦਸ ਸਾਲ ਦੇ ਵੀਜ਼ਾ ਬਾਰੇ ਸਾਰੀਆਂ ਫਾਰਮੈਲਿਟੀਆਂ ਬਾਰੇ ਪਤਾ ਹੈ। ਉਸ ਨੇ ਕਿਹਾ ਕਿ ਉਹ ਕਈ ਲੋਕਾਂ ਨੂੰ ਅਮਰੀਕਾ ਭੇਜ ਚੁੱਕਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਂ ਅਮਰੀਕਾ ਤੇ ਗ੍ਰੀਸ ਵੀ ਜਾ ਚੁੱਕਾ ਹੈ ਇਸ ਲਈ ਉਸ ਦੇ ਅਮਰੀਕਾ ਜਾਣ ਦੇ ਚੰਗੇ ਮੌਕੇ ਹਨ। ਉਸ ਨੇ ਕਿਹਾ ਕਿ ਪਹਿਲਾਂ ਉਹ ਸੁਖਦੇਵ ਨੂੰ ਕੈਨੇਜਾ ਭੇਜਣਗੇ, ਕਿਉਂਕਿ ਉਥੇ ਦੀ ਵੀਜ਼ਾ ਪਾਲਿਸੀ ਸੌਖੀ ਹੈ। ਫਿਰ ਉਥੋਂ ਸੜਕੀ ਰਸਤਿਓਂ ਅਮਰੀਕਾ ਭੇਜ ਦੇਣਗੇ। ਕੈਨੇਡਾ ਤੋਂ ਅਮਰੀਕਾ ਦਾ ਵੀਜ਼ਾ ਮਿਲਣਾ ਸੌਖਾ ਹੈ। ਇਸ ਨੂੰ ਲੈ ਕੇ ਬਲਦੇਵ ਰਾਜ ਨੇ 25 ਲੱਖ ਰੁਪਏ ਮੰਗੇ ਪਰ 21 ਲੱਖ ਵਿੱਚ ਗੱਲ ਤੈਅ ਹੋਈ। ਇਸ ਤੋਂ ਬਾਅਦ ਉਸ ਨੇ 12 ਲੱਖ ਪਹਿਲਾਂ ਮੰਗੇ ਅਤੇ 9 ਲੱਖ ਰੁਪਏ ਬਾਅਦ ਵਿੱਚ ਦੇਣਾ ਤੈਅ ਹੋਇਆ। ਇਸ ਤੋਂ ਬਾਅਦ ਤੈਅ ਹੋਏ ਸੌਦੇ ਮੁਤਾਬਕ ਉਨ੍ਹਾਂ ਨੇ ਬਲਦੇਵ ਰਾਜ ਨੂੰ ਪੈਸੇ ਦੇ ਦਿੱਤੇ। ਓਂਕਾਰ ਸਿੰਘ ਨੇ ਦੋਸ਼ ਲਗਾਇਆ ਕਿ ਬਲਦੇਵ ਦੀ ਪਤਨੀ ਨੇ ਕਿਹਾ ਕਿ ਉਹ ਛੇਤੀ ਹੀ ਅਮਰੀਕਾ ਜਾ ਰਹੀ ਹੈ ਅਤੇ ਉਥੋਂ ਇਕ ਮਹੀਨੇ ਅੰਦਰ ਸਪਾਂਸਰਸ਼ਿਪ ਦੇ ਪੇਪਰ ਭੇਜ ਦੇਵੇਗੀ। ਉਹ ਲਗਭਗ ਦੋ ਮਹੀਨੇ ਉਡੀਕ ਕਰਦੇ ਰਹੇ ਪਰ ਗੱਲ ਅੱਗੇ ਨਹੀਂ ਵਧੀ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਲਦੇਵ ਰਾਜ ਦੀ ਪਤਨੀ ਕਦੇ ਅਮਰੀਕਾ ਗਈ ਹੀ ਨਹੀਂ ਅਤੇ ਅਜੇ ਵੀ ਭਾਰਤ ਵਿੱਚ ਹੀ ਹੈ।
ਐੱਸਐੱਪੀ ਨੇ ਆਰਥਿਕ ਅਪਰਾਧ ਸ਼ਾਖਾ ਤੋਂ ਇਸ ਦੀ ਜਾਂਚ ਕਰਵਾਈ। ਜਾਂਚ ਕਰਨ ਵਾਲੇ ਏਐੱਸਆਈ ਕੁਲਵਿੰਦਰ ਸਿੰਘ ਨੇ ਰਿਪੋਰਟ ਵਿੱਚ ਕਿਹਾ ਕਿ ਬਲਦੇਵ ਰਾਜ ਦੇ ਖਿਲਾਫ ਸ਼ਿਕਾਇਤਕਰਤਾ ਓਂਕਾਰ ਸਿੰਘ ਦੇ ਬੇਟੇ ਸੁਖਦੇਵ ਸਿੰਘ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ 11.65 ਲੱਖ ਰੁਪਏ ਲਏ ਗਏ, ਜਿਸ ਵਿੱਚੋਂ 1.30 ਲੱਖ ਉਸ ਨੇ ਵਾਪਿਸ ਕਰ ਦਿੱਤੇ ਪਰ 10.35 ਲੱਖ ਵਾਪਿਸ ਨਹੀਂ ਕੀਤੇ। ਜਾਂਚ ਵਿੱਚ ਬਲਦੇਵ ਰਾਜ ਦੀ ਪਤਨੀ ਨੂੰ ਬੇਕਸੂਰ ਪਾਇਆ ਗਿਆ, ਹਾਲਾਂਕਿ ਜਾਂਚ ਅਫਸਰ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਗਵਾਹੀ ਜਾਂ ਸਬੂਤ ਮਿਲਦਾ ਹੈ ਤਾਂ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।