ਕੰਗਨਾ ਰਣੌਤ ਦੇ ਨਸ਼ੇ ‘ਤੇ ਦਿੱਤੇ ਬਿਆਨ ਤੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਆਪਣੇ ਬਿਆਨਾਂ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਅਕਸਰ ਬੇਤੁਕੀਆਂ ਗੱਲਾਂ ਕਰਕੇ ਮੀਡੀਆ ਵਿਚ ਬਣੀ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੂੰ ਅਜੇ ਤੱਕ ਸਮਾਜ ਦੀ ਸਹੀ ਸਮਝ ਨਹੀਂ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ ਹਿਮਾਚਲ ਤੱਕ ਸੀਮਤ ਨਹੀਂ ਹੈ। ਹੁਣੇ ਜਿਹੇ ਇਕ ਰਾਸ਼ਟਰੀ ਰਿਪੋਰਟ ਸਾਹਮਣੇ ਆਈ ਜਿਸ ਮੁਤਾਬਕ ਪੰਜਾਬ ਹੋਰਨਾਂ ਸੂਬਿਆਂ ਦੀ ਤੁਲਨਾ ਵਿਚ ਕਾਫੀ ਪਿੱਛੇ ਹੈ। ਜੇਕਰ ਉੱਤਰ ਪ੍ਰਦੇਸ਼, ਮੱਧਪ੍ਰਦੇਸ਼ ਤੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਦੀ ਸਥਿਤੀ ਪੰਜਾਬ ਸਰਕਾਰ ਤੋਂ ਕਿਤੇ ਖਰਾਬ ਹੈ। ਪੰਜਾਬ ਤਾਂ ਇਸ ਦਿਸ਼ਾ ਵਿਚ ਪਹਿਲਾਂ ਹੀ ਕਦਮ ਉਠਾ ਚੁੱਕਾ ਹੈ ਤੇ ਅਸੀਂ ਸੂਬੇ ਤੋਂ ਨਸ਼ਾ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ।
ਵਿੱਤ ਮੰਤਰੀ ਨੇ ਕਿਹਾ ਕਿ ਗੁਜਰਾਤ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਨਸ਼ਾ ਗੁਜਰਾਤ ਦੇ ਰਸਤੇ ਹੀ ਪੂਰੇ ਦੇਸ਼ ਵਿਚ ਸਪਲਾਈ ਹੁੰਦਾ ਹੈ। ਇਹ ਗੱਲ ਦੇਸ਼ ਜਾਣਦਾ ਹੈ। ਜਦੋਂ ਵੀ ਗੈਂਗਸਟਰਾਂ ਜਾ ਨਸ਼ਾ ਤਸਕਰੀ ਦੀ ਗੱਲ ਹੁੰਦੀ ਹੈ ਤਾਂ ਉਸ ਦਾ ਲਿੰਕ ਅਕਸਰ ਗੁਜਰਾਤ ਨਾਲ ਜੁੜਦਾ ਹੈ। ਅਜਿਹੇ ਵਿਚ ਕੰਗਨਾ ਰਣੌਤ ਨੂੰ ਸਭ ਤੋਂ ਪਹਿਲਾਂ ਗੁਜਰਾਤ ਜਾ ਕੇ ਸਰਵੇ ਕਰਨਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਕਿ ਉਥੋਂ ਦੀ ਬੰਦਰਗਾਹਾਂ ਤੋਂ ਕਿਸ ਪੱਧਰ ‘ਤੇ ਨਸ਼ਾ ਪੂਰੇ ਦੇਸ਼ ਵਿਚ ਸਪਲਾਈ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਗਰੁੱਪ ‘D’ ਦੀਆਂ ਅਸਾਮੀਆਂ ਲਈ ਉਮਰ ਹੱਦ ਵਧਾਈ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ
ਦੱਸ ਦੇਈਏ ਕਿ ਕੰਗਨਾ ਨੇ ਬਿਆਨ ਦਿੱਤਾ ਹੈ ਕਿ ਹਿਮਾਚਲ ਵਿਚ ਨਸ਼ਿਆਂ ਲਈ ਪੰਜਾਬ ਜ਼ਿੰਮੇਵਾਰ ਹੈ। ਕੰਗਨਾ ਨੇ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ਦੇ ਰਸਤੇ ਹਿਮਾਚਲ ਵਿਚ ਡਰੱਗਸ ਪਹੁੰਚ ਰਿਹਾ ਹੈ। ਬੱਚਿਆਂ ਨੇ ਆਪਣੇ ਮਾਪਿਆਂ ਦੇ ਗਹਿਣੇ ਤੱਕ ਵੇਚ ਦਿੱਤੇ ਹਨ। ਨਸ਼ਾ ਕਰਨ ਵਾਲੇ ਨੌਜਵਾਨ ਖੁਦ ਨੂੰ ਕਮਰਿਆਂ ਵਿਚ ਬੰਦ ਕਰ ਲੈਂਦੇ ਹਨ, ਚੋਰੀਆਂ ਕਰ ਰਹੇ ਹਨ, ਗੱਡੀਆਂ ਤੇ ਫਰਨੀਚਰ ਤੋੜ ਰਹੇ ਹਨ ਤੇ ਘਰ ਵਿਚ ਵੀ ਤੋੜ-ਫੋੜ ਕਰ ਰਹੇ ਹਨ। ਇਸ ਨਾਲ ਮੌਤ ਤੋਂ ਵੀ ਮਾੜੇ ਹਾਲਾਤ ਬਣੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























