Ministers boycott of Karan Avtar : ਚੰਡੀਗੜ੍ਹ ਵਿਖੇ ਪੰਜਾਬ ਦੇ ਮੁਖ ਸਕੱਤਰ ਕਰਨ ਅਵਤਾਰ ਸਿੰਘ ਤੇ ਮੰਤਰੀਆਂ ਵਿਚ ਪੈਦਾ ਹੋਏ ਵਿਵਾਦ ਦੇ ਚਲਦੇ ਮੁਖ ਸਕੱਤਰ ਮੰਡਲ ਦੀ ਬੈਠਕ ਤੋਂ ਦੂਰ ਰਹੇ ਹਨ ਉਹਨਾਂ ਦੀ ਜਗ੍ਹਾ ’ਤੇ ਅਡੀਸ਼ਨਲ ਚੀਫ ਸਕੱਤਰ ਹੋਮ ਵਿਭਾਗ ਸਤੀਸ਼ ਚੰਦਰ ਮੰਤਰੀ ਮੰਡਲ ਦੀ ਬੈਠਕ ਵਿਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਅਹੁਦੇ ’ਤੇ ਬਣਿਆ ਰਹਿਣਾ ਮੁਸ਼ਕਲ ਹੋ ਗਿਆ ਹੈ ਅਤੇ ਛੇਤੀ ਹੀ ਉਨ੍ਹਾਂ ਦੀ ਥਾਂ ਕੋਈ ਨਵਾਂ ਮੁੱਖ ਸਕੱਤਰ ਚੁਣੇ ਜਾਣ ਦੀ ਸੰਭਾਵਨਾ ਬਣ ਰਹੀ ਹੈ। ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਵਿਚ ਇਸ ਸਬੰਧੀ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦਾ ਰਵੱਈਆ ਨਾ ਤਾਂ ਮੁੱਖ ਸਕੱਤਰ ਦੇ ਅਹੁਦੇ ਅਤੇ ਨਾ ਹੀ ਕੈਬਨਿਟ ਦੀ ਸ਼ਾਨ ਮੁਤਾਬਕ ਸੀ। ਉਨ੍ਹਾਂ ਦੱਸਿਆ ਕਿ ਅੱਜ ਮੀਟਿੰਗ ਵਿਚ ਉਨ੍ਹਾਂ ਨੇ ਮੁੱਖ ਸਕੱਤਰ ਖਿਲਾਫ ਸਪੱਸ਼ਟ ਸਟੈਂਡ ਲੈਂਦਿਆਂ ਇਹ ਗੱਲ ਸਿੱਧੇ ਤੌਰ ’ਤੇ ਮੁੱਖ ਮੰਤਰੀ ਨੂੰ ਦੱਸ ਦਿੱਤੀ ਕਿ ਜੇ ਕਰਨ ਅਵਤਾਰ ਸਿੰਘ ਹੀ ਮੁੱਖ ਸਕੱਤਰ ਵਜੋਂ ਅਹੁਦੇ ’ਤੇ ਬਣੇ ਰਹਿਣਗੇ ਤਾਂ ਉਨ੍ਹਾਂ ਲਈ ਮੰਤਰੀ ਦੇ ਤੌਰ ’ਤੇ ਕੈਬਨਿਟ ਦਾ ਹਿੱਸਾ ਰਹਿਣਾ ਮੁਸ਼ਕਲ ਹੋਵੇਗਾ, ਮੈਂ ਕੈਬਨਿਟ ਦਾ ਹਿੱਸਾ ਨਹੀਂ ਰਹਾਂਗਾ।
ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਵੀ ਇਸੇ ਪੱਖ ’ਚ ਸਨ ਕਿਉਂਕਿ ਕਰਨ ਅਵਤਾਰ ਸਿੰਘ ਨੇ ਮੀਟਿੰਗ ਵਿਚ ਪਹਿਲਾਂ ਗਲਤ ਗੱਲ ਉਨ੍ਹਾਂ ਨਾਲ ਹੀ ਕੀਤੀ ਸੀ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਫੈਸਲਾ ਤੁਸੀਂ ਕਰਨਾ ਹੈ ਕਿ ਅਸੀਂ ਮੀਟਿੰਗ ਵਿਚ ਆਵਾਂਗੇ ਜਾਂ ਫਿਰ ਕਰਨ ਅਵਤਾਰ ਸਿੰਘ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਅਤੇ ਕੈਬਨਿਟ ਦੇ ਸਾਰੇ ਮੈਂਬਰ ਇਸ ਬਾਰੇ ਆਪਣੀ ਗੱਲ ਰਿਕਾਰਡ ਕਰ ਕੇ ਲੈ ਆਓ ਜਿਸ ’ਤੇ ਸਮੁੱਚੀ ਕੈਬਨਿਟ ਨੇ ਸ. ਕਰਨ ਅਵਤਾਰ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਜਿਸ ’ਤੇ ਫੈਸਲਾ ਹੁਣ ਮੁੱਖ ਮੰਤਰੀ ਲੈਣਗੇ। ਉਨ੍ਹਾਂ ਕਿਹਾ ਕਿ ਇਹ ਈਗੋ ਦੀ ਲੜਾਈ ਨਹੀਂ ਹੈ ਪਰ ਮੇਰੇ ਲਈ ਇਹ ਅਹਿਮ ਹੈ ਕਿਉਂਕਿ ਮੇਰੇ ਦਾਦਾ ਅਤੇ ਮੇਰੇ ਪਿਤਾ ਵੀ ਪੰਜਾਬ ਵਿਚ ਵਿਧਾਇਕ ਰਹੇ ਹਨ ਅਤੇ ਮੈਂ ਵੀ 5 ਵਾਰ ਚੁਣਿਆ ਗਿਆ ਵਿਧਾਇਕ ਹਾਂ।
ਇਸ ਤੋਂ ਇਲਾਵਾ ਮੰਤਰੀ ਮੰਡਲ ਬੈਠਕ ਵਿਚ ਅੱਜ ਆਬਕਾਰੀ ਨੀਤੀ ’ਤੇ ਤਬਦੀਲੀ ਸਬੰਧੀ ਵੀ ਚਰਚਾ ਵੀ ਹੋਈ, ਜਿਸ ਬਾਰੇ ਦੱਸਦਿਆਂ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਆਬਕਾਰੀ ਨੀਤੀ ’ਤੇ ਫੈਸਲਾ ਮੁੱਖ ਮੰਤਰੀ ਇਸ ਦਾ ਫਾਇਦਾ-ਨੁਕਸਾਨ ਦੇਖ ਕੇ ਖੁਦ ਕਰਨਗੇ ਕਿਉਂਕਿ ਇਸ ਸਬੰਧੀ ਸਾਰੇ ਅਧਿਕਾਰ ਮੁੱਖ ਮੰਤਰੀ ਨੂੰ ਦਿੱਤੇ ਗਏ ਹਨ।