Mistakes made in PSEB registration : ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਰਜਿਸਟ੍ਰੇਸ਼ਨ ਵਿਚ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚ ਬਿਨਾਂ ਫੀਸ ਦੇ ਰਜਿਸਟ੍ਰੇਸ਼ਨ ਨੂੰ ਅਪਗ੍ਰੇਡ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਜੇਕਰ ਕੋਈ ਜਾਣਕਾਰੀ ਅਪਗ੍ਰੇਡ ਕਰਵਾਈ ਜਾਂਦੀ ਹੈ ਤਾਂ ਉਸ ਲਈ ਬੋਰਡ ਵੱਲੋਂ ਜੁਰਮਾਨਾ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨਾਲ ਜੁੜੀਆਂ ਗਲਤੀਆਂ ਵਿਚ ਸੋਧ ਕਰਨ ਲਈ ਬੋਰਡ ਵੱਲੋਂ ਪੰਜਵੀਂ ਜਮਾਤ ਲਈ ਬੀਪੀਓ, ਅੱਠਵੀਂ ਜਮਾਤ ਲਈ ਮੁੱਖ ਅਧਿਆਪਕ ਤੇ ਡੀਡੀਓ, ਨੌਵੀਂ ਤੇ 11ਵੀਂ ਜਮਾਤ ਲਈ ਮੁੱਖ ਅਧਿਆਪਕ ਨੂੰ ਅਧਿਕਾਰੀ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਨਾਂ ਤੇ ਜਨਮ ਤਰੀਕ ਬਦਲਣ ਲਈ ਸਿਵਲ ਸਰਜਨ ਜਾਂ ਇਸ ਦੇ ਬਰਾਬਰ ਦੀ ਅਥਾਰਟੀ ਵੱਲੋਂ ਜਾਰੀ ਜਨਮ ਸਰਟੀਫਿਕੇਟ ਦਾ ਪਰੂਫ ਹੋਣਾ ਜ਼ਰੂਰੀ ਹੈ। ਮਾਤਾ-ਪਿਤਾ ਦੇ ਨਾਂ ਵਿਚ ਦਰੁੱਸਤੀ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਪਿੰਡ ਦੇ ਨੰਬਰਦਾਰ, ਸਰਪੰਚ, ਕੌਂਸਲਰ ਵੱਲੋਂ ਜਾਰੀ ਸਰਟੀਫਿਕੇਟ ਦੇਣਾ ਪਏਗਾ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਦੀ ਫੋਟੋ ਬਦਲਣ ਲਈ ਫੋਟੋ ਅਤੇ ਵਿਸ਼ੇ ’ਚ ਕੋਈ ਸੋਧ ਕਰਨ ਲਈ ਸੋਧੇ ਹੋਏ ਵਿਸ਼ੇ ਦਾ ਹਾਜ਼ਰੀ ਰਿਕਾਰਡ ਅਤੇ ਪਿਛਲੀ ਸਕੂਲ ਪੱਧਰ ’ਤੇ ਲਈ ਗਈ ਪ੍ਰੀਖਿਆ ਦਾ ਰਿਪੋਰਟ ਕਾਰਡ ਦੇਣਾ ਪਏਗਾ। ਕੈਟਾਗਰੀ ਵਿਚ ਤਬਦੀਲੀ ਕਰਨ ਲਈ ਸਮਰੱਥ ਅਥਾਰਟੀ ਵੱਲੋਂ ਜਾਰੀ ਕੀਤਾ ਗਿਆ ਕਾਸਟ ਸਰਟੀਫਿਕੇਟ ਲਾਜ਼ਮੀ ਹੈ। ਨਾਂ ਦੇ ਸਪੈਲਿੰਗ ਬੀਪੀਓ, ਮੁੱਖ ਅਧਿਆਪਕ, ਪ੍ਰਿੰਸੀਪਲ ਖੁਦ ਤਸੱਲੀ ਕਰਕੇ ਅਪਡੇਟ ਕਰ ਸਕਦੇ ਹਨ, ਇਸ ਦੇ ਲਈ ਉਨ੍ਹਾਂ ਨੂੰ ਕੋਈ ਡਾਕਿਊਮੈਂਟ ਲੈਣ ਦੀ ਲੋੜ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਬੋਰਡ ਦੇ ਕੰਟਰੋਲਰ ਪ੍ਰੀਖਿਆ ਵੱਲੋਂ ਅਧਿਕਾਰੀਆਂ ਨੂੰ ਅਧਿਕਾਰ ਦੇਣ ਸਬੰਧੀ ਨੋਟਿਸ ਜਾਰੀ ਕਰਨ ਤੋਂ ਬਾਅਦ ਸਾਫ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਸੋਧ ਸਿੱਧੇ ਬੋਰਡ ਦਫਤਰ ਨਾ ਭੇਜੀ ਜਾਵੇ। ਬੋਰਡ ਵੱਲੋਂ ਸਕੂਲ ਮੁਖੀਆਂ ਦੇ ਲਾਗ ਇਨ ਆਈਡੀ ਵਿਚ ਵਿਸੇਸ਼ ਕਰੈਕਸ਼ਨ ਪੈਨਲ ਵਿਚ ਇਹ ਸਾਰੀਆਂ ਕੈਟਾਗਰੀਆਂ ਦਰਜ ਕੀਤੀਆਂ ਗਈਆਂ ਹਨ। ਪੈਨਲ ਵਿਚ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਨੂੰ ਹੀ ਫਾਈਨਲ ਮੰਨਿਆ ਜਾਵੇਗਾ।