‘ਆਪ’ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅੱਜ ਅਚਾਨਕ ਪਟਵਾਰੀ ਦਫਤਰ ਪਹੁੰਚੇ ਤੇ ਉਥੇ ਉਨ੍ਹਾਂ ਨੇ ਤਾਇਨਾਤ ਨੰਬਰਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਨੰਬਰਦਾਰ ਦੀ ਪਛਾਣ ਗੁਰਇਕਬਾਲ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਤੇਜਵਿੰਦਰ ਸਿੰਘ ਨੇ ਕੋਰਟ ਤੋਂ ਇਕ ਪਲਾਟ ‘ਤੇ ਸਟੇਅ ਲਿਆ ਹੋਇਆ ਸੀ ਜਿਸ ਨੂੰ ਮਾਲੀਆ ਵਿਭਾਗ ਦੇ ਰਿਕਾਰਡ ਵਿਚ ਦਰਜ ਕਰਵਾਉਣਾ ਸੀ। ਜਦੋਂ ਉਹ ਇਸ ਪਲਾਟ ਦਾ ਸਟੇਅ ਦਰਜ ਕਰਵਾਉਣ ਲਈ ਤਹਿਸੀਲ ਗਿਆ ਤਾਂ ਪਟਵਾਰੀ ਪਰਮਿੰਦਰ ਸਿੰਘ ਨੇ ਉਸ ਕੋਲੋਂ 3000 ਰੁਪਏ ਰਿਸ਼ਵਤ ਮੰਗੀ ਤੇ ਸੌਦਾ 2500 ਰੁਪਏ ਵਿਚ ਤੈਅ ਹੋਇਆ।
ਤੇਜਵਿੰਦਰ ਸਿੰਘ ਨੇ ਇਹ ਸਾਰਾ ਮਾਮਲਾ ਵਿਧਾਇਕ ਦਿਆਲਪੁਰਾ ਦੇ ਧਿਆਨ ‘ਚ ਲਿਆਂਦਾ ਜਿਨ੍ਹਾਂ 2500 ਰੁਪਏ ਰਿਸ਼ਵਤ ਦੇਣ ਵਾਲੇ ਨੋਟਾਂ ਦੀ ਫੋਟੋ ਸਟੇਟ ਕਰਵਾ ਕੇ ਆਪਣੇ ਕੋਲ ਰੱਖ ਲਈ ਤੇ ਸ਼ਿਕਾਇਤਕਰਤਾ ਰਿਸ਼ਵਤ ਦੇ ਪੈਸੇ ਦੇਣ ਲਈ ਸਬ-ਤਹਿਸੀਲ ਮਾਛੀਵਾੜਾ ਪਹੁੰਚ ਗਿਆ। ਜਦੋਂ ਤੇਜਵਿੰਦਰ ਸਿੰਘ ਰਿਸ਼ਵਤ ਦੀ ਰਕਮ ਦੇਣ ਤੇ ਸਟੇ ਦਰਜ ਕਰਾਉਣ ਲਈ ਪਟਵਾਰੀ ਦੇ ਕਮਰੇ ਵਿਚ ਗਿਆ ਤਾਂ ਉਹ ਉਥੇ ਮੌਜੂਦ ਨਹੀਂ ਸੀ। ਨੰਬਰਦਾਰ ਗੁਰਇਕਬਾਲ ਸਿੰਘ ਪਟਵਾਰੀ ਦੇ ਕਮਰੇ ਵਿਚ ਬੈਠਾ ਸੀ ਜਿਸ ਨੇ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਨਾਲ ਫੋਨ ‘ਤੇ ਗੱਲ ਕਰਾਈ ਤੇ ਉਸ ਨੇ ਰਿਸ਼ਵਤ ਦੀ ਰਕਮ ਨੰਬਰਦਾਰ ਨੂੰ ਸੌਂਪ ਦਿੱਤੀ। ਇਸ ਦੌਰਾਨ ਵਿਧਾਇਕ ਜਗਤਾਰ ਸਿੰਘ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਰਿਸ਼ਵਤ ਦੇ ਪੈਸੇ ਲੈਂਦੇ ਰੰਗੇ ਹੱਥੀਂ ਫੜ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ 14 ਜ਼ਿਲ੍ਹਾ ਮਾਲ ਅਫਸਰ ਤੇ ਤਹਿਸੀਲਦਾਰ ਨੂੰ ਕੀਤੇ ਗਏ ਪ੍ਰਮੋਟ, PCS ‘ਚ ਕੀਤਾ ਸ਼ਾਮਲ
ਡੀਐੱਸਪੀ ਸਮਰਾਲਾ ਜਸਵਿੰਦਰ ਸਿੰਘ ਤੇ ਥਾਣਾ ਮੁਖੀ ਸੰਤੋਖ ਸਿੰਘ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਨੰਬਰਦਾਰ ਨੂੰ ਗ੍ਰਿਫਤਾਰ ਕਰ ਲਿਆ। ਡੀਐੱਸਪੀ ਸਮਰਾਲਾ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: