ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਆਪਣੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਥੇ ਬੰਦ ਹਾਰਡਕੋਰ ਗੈਂਗਸਟਰ ਤੋਂ ਮੋਬਾਈਲ ਬਰਾਮਦਗੀ ਦਾ ਤੀਸਰਾ ਮਾਮਲਾ ਸਾਹਮਣੇ ਆਇਆ ਹੈ।
ਜੇਲ੍ਹ ਦੀ ਚੌਂਕੀ ਨੰਬਰ 4 ਵਿੱਚ ਬੰਦ ਸਾਲ 2016 ਦੇ ਜੇਲ੍ਹ ਬ੍ਰੇਕ ਦੇ ਦੋਸ਼ੀ ਨਰੇਸ਼ ਨਾਰੰਗ ਤੋਂ ਮੋਬਾਈਲ ਬਰਾਮਦ ਹੋਇਆ ਹੈ। ਜੇਲ੍ਹ ਸੁਰੱਖਿਆ ਕਰਮਚਾਰੀ ਨੇ ਜਦੋਂ ਉਸ ਨੂੰ ਮੋਬਾਈਲ ਚਲਾਉਂਦੇ ਵੇਖਿਆ ਤਾਂ ਜਦੋਂ ਉਸ ਨੂੰ ਫੜਨਾ ਚਾਹਿਆ ਤਾਂ ਗੈਂਗਸਟਰ ਨਰੇਸ਼ ਨਾਰੰਗ ਨੇ ਮੋਬਾਈਲ ਜ਼ਮੀਨ ‘ਤੇ ਪਟਕ ਕੇ ਤੋੜ ਦਿੱਤਾ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਕੋਤਵਾਲੀ ਨੇ ਮਾਮਲਾ ਦਰਜ ਕਰਕੇ ਮੋਬਾਈਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਅੱਗੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜੇਲ੍ਹ ਬਰੇਕ ਮਾਮਲੇ ਵਿਚ ਇਕ ਹੀ ਜੇਲ੍ਹ ਵਿਚ ਬੰਦ ਹਾਰਕੋਰ ਗੈਂਗਸਟਰ ਅਮਨ ਅਤੇ ਸੁਨੀਲ ਕਾਲੜਾ ਨੇ ਸਰਕਾਰ ਦੀ ਇਕ ਜਾਅਲੀ ਵੈੱਬਸਾਈਟ ਬਣਾ ਕੇ ਨੌਜਵਾਨਾਂ ਤੋਂ ਭਰਤੀ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਯੋਜਨਾ ਬਣਾਈ ਸੀ, ਜਿਸ ਦਾ ਕੋਤਵਾਲੀ ਪੁਲਿਸ ਨੇ ਖੁਲਾਸਾ ਕੀਤਾ ਸੀ।
ਇਸ ਤੋਂ ਇਲਾਵਾ ਜੇਲ੍ਹ ਬ੍ਰੇਕ ਦੇ ਸਮੇਂ ਗੇਟ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦੀ ਰਾਈਫਲ ਖੋਹਣ ਅਤੇ ਫਾਇਰਿੰਗ ਕਰਨ ਦੇ ਦੋਸ਼ੀ ਗੈਂਗਸਟਰ ਹਰਜੋਤ ਸਿੰਘ ਜੋਤੀ ਜੋ ਇਸੇ ਜੇਲ੍ਹ ਵਿੱਚ ਬੰਦ ਹੈ, ਤੋਂ ਸਮਾਰਟ ਮੋਬਾਈਲ ਫੋਨ, ਡੋਂਗਲ ਅਤੇ ਡਾਟਾ ਕੇਬਲ ਬਰਾਮਦ ਹੋਈ ਸੀ।