ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਰੋਜ਼ਮਰ੍ਹਾ ਦੇ ਕੁਝ ਸਾਮਾਨ ਅਤੇ ਸੇਵਾਵਾਂ ‘ਤੇ ਟੈਕਸ ਵੱਧ ਸਕਦਾ ਹੈ। ਖ਼ਬਰ ਹੈ ਕਿ ਮੋਦੀ ਸਰਕਾਰ ਜੀ. ਐੱਸ. ਟੀ. ਦਰਾਂ ਵਿਚ ਵੱਡਾ ਫੇਰਬਦਲ ਕਰਨ ਦਾ ਵਿਚਾਰ ਕਰ ਰਹੀ ਹੈ। ਜੀ. ਐੱਸ. ਟੀ. ਵਿਵਸਥਾ ਨੂੰ ਸਰਲ ਬਣਾਉਣ ਦੇ ਮਕਸਦ ਨਾਲ ਇਹ ਵਿਚਾਰ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਜੀਐਸਟੀ ਦਰਾਂ ਵਧਾਉਣ ਦੀ ਇਹ ਯੋਜਨਾ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਅਗਲੇ ਸਾਲ ਦੇ ਸ਼ੁਰੂ ਵਿੱਚ ਦੇਸ਼ ਦੇ ਵੱਡੇ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਜੀਐਸਟੀ ਬਾਰੇ ਪੈਨਲ ਦੀ ਮੀਟਿੰਗ ਦਸੰਬਰ ਵਿੱਚ ਹੋਣ ਦੀ ਉਮੀਦ ਹੈ। ਪੈਨਲ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰ ਰਹੇ ਹਨ। ਇਸ ਨੂੰ ਮੌਜੂਦਾ ਚਾਰ ਦਰਜਾ ਪ੍ਰਣਾਲੀ ਤੋਂ ਬਦਲਿਆ ਜਾ ਸਕਦਾ ਹੈ। ਵਰਤਮਾਨ ਵਿੱਚ, ਦੇਸ਼ ਵਿੱਚ ਜੀਐਸਟੀ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਦੀ ਦਰ ਨਾਲ ਲਗਾਇਆ ਜਾਂਦਾ ਹੈ। ਇਸ ਵਿੱਚ, ਕੁੱਝ ਜ਼ਰੂਰੀ ਸਮਾਨ ਜਿਵੇਂ ਕਿ ਖਾਣ ਪੀਣ ਦੀਆਂ ਵਸਤੂਆਂ ਤੇ ਸਭ ਤੋਂ ਘੱਟ ਰੇਟ ਅਤੇ ਲਗਜ਼ਰੀ ਸਮਾਨ ਉੱਤੇ ਉੱਚੇ ਰੇਟ ਤੇ ਟੈਕਸ ਲਗਾਇਆ ਜਾਂਦਾ ਹੈ। ਜਾਣਕਾਰਾਂ ਅਨੁਸਾਰ ਅਗਲੀ ਵਾਰ ਘੱਟੋ ਘੱਟ ਦੋ ਦਰਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮਿਸ਼ਨ 2022 : 2 ਦਿਨਾ ਦੌਰੇ ਲਈ ਪੰਜਾਬ ਪਹੁੰਚੇ ਕੇਜਰੀਵਾਲ, ਕਰਨਗੇ ਵੱਡਾ ਸਿਆਸੀ ਧਮਾਕਾ !
ਰਿਪੋਰਟ ਦੇ ਅਨੁਸਾਰ, ਸਭ ਤੋਂ ਘੱਟ ਦੋ ਦਰਾਂ ਵਿੱਚੋਂ ਇੱਕ ਨੂੰ 5 ਪ੍ਰਤੀਸ਼ਤ ਤੋਂ 6 ਪ੍ਰਤੀਸ਼ਤ ਅਤੇ 12 ਤੋਂ 13 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ। ਇਨ੍ਹਾਂ ਦੋ ਦਰਾਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਆਮ ਆਦਮੀ ਹੀ ਹੁੰਦਾ ਹੈ। ਇਸ ਯੋਜਨਾ ਦੇ ਤਹਿਤ ਜੀਐਸਟੀ ਦਰਾਂ ਨੂੰ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤਾ ਜਾਵੇਗਾ। ਰਾਜ ਦੇ ਵਿੱਤ ਮੰਤਰੀ ਅਗਲੇ ਮਹੀਨੇ ਦੇ ਅੰਤ ਤੱਕ ਇਸ ਮਾਮਲੇ ਵਿੱਚ ਆਪਣੇ ਪ੍ਰਸਤਾਵ ਪੇਸ਼ ਕਰ ਸਕਦੇ ਹਨ। ਮੋਦੀ ਸਰਕਾਰ ਨੇ ਜੁਲਾਈ 2017 ਤੋਂ ਜੀਐਸਟੀ ਲਾਗੂ ਕੀਤਾ ਸੀ।