Moga District Receives : ਮੋਗਾ ਜ਼ਿਲ੍ਹੇ ਨੂੰ ਭਾਰਤ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਅਧੀਨ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਖੇਤਰ ਵਿੱਚ ਜ਼ਿਲਾ ਮੋਗਾ ਨੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਵਰਚੁਅਲੀ ਕਰਵਾਏ ਗਏ ਇੱਕ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਭਾਰਤ ਸਰਕਾਰ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ‘ਸਵੱਛ ਭਾਰਤ ਮਿਸ਼ਨ’ ਦਿਵਸ ਮੌਕੇ ਰਾਸ਼ਟਰੀ ‘ਗੰਦਗੀ ਮੁਕਤ ਭਾਰਤ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਦੇਸ਼ ਵਿੱਚ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਖਾਨਿਆਂ ਦੀ ਵਰਤੋਂ ਕਰਨ ਅਤੇ ਪਾਣੀ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਮਕਸਦ ਲਈ ਜਲ ਸ਼ਕਤੀ ਮੰਤਰਾਲੇ ਵੱਲੋਂ ਤਿੰਨ ਵਰਗਾਂ (ਸਵੱਛ ਸੁੰਦਰ ਸਮੁੰਦਾਇਕ ਸ਼ੌਚਾਲਿਯ, ਸਮੁੰਦਾਇਕ ਸ਼ੌਚਾਲਿਯ ਅਭਿਆਨ, ਗੰਦਗੀ ਮੁਕਤ ਭਾਰਤ) ਵਿੱਚ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਜ਼ਿਲ੍ਹੇ ਨੂੰ ਗੰਦਗੀ ਮੁਕਤ ਭਾਰਤ ਮੁਹਿੰਮ ਵਿੱਚ ਪਹਿਲਾ ਮਿਲਿਆ ਹੈ।
ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲਾ ਮੋਗਾ ਵਿੱਚ ਵਾਲ ਪੇਟਿੰਗ ਅਤੇ ਹੋਰ ਸਾਧਨਾਂ ਰਾਹੀਂ ਸਿਰ ਤੋੜ ਜਾਗਰੂਕਤਾ ਪ੍ਰਚਾਰ ਕੀਤਾ ਗਿਆ ਜਿਸ ਨੂੰ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਬਹੁਤ ਸਰਾਹਿਆ ਗਿਆ। ਉਨ੍ਹਾਂ ਇਸ ਪੁਰਸਕਾਰ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਜ਼ਿਲਾ ਮੋਗਾ ਵਿੱਚ ਤਾਇਨਾਤ ਐਕਸੀਅਨ ਜਸਵਿੰਦਰ ਸਿੰਘ ਚਾਹਲ ਅਤੇ ਉਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਹੰਸ ਨੇ ਅਧਿਕਾਰੀਆਂ ਅਤੇ ਲੋਕਾਂ ਨੂੰ ਰਾਸ਼ਟਰੀ ਪੱਧਰ ਤੇ ਜ਼ਿਲਾ ਮੋਗਾ ਦੀ ਬਣੀ ਇਸ ਪਛਾਣ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।