Moga Farmer died at Singhu Border : ਮੋਗਾ : ਕੇਂਦਰ ਦੇ ਖੇਤੀ ਕਾਨੂੰਨ ਵਿਰੁੱਧ ਪਿਛਲੇ 76 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰ ‘ਤੇ ਬੈਠੇ ਹਨ ਅਤੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਨਾਲ 11 ਦੌਰ ਦੀ ਬੈਠਕ ਤੋਂ ਬਾਅਦ ਵੀ ਕੋਈ ਹੱਲ ਲੱਭਿਆ ਨਹੀਂ ਜਾ ਸਕਿਆ ਹੈ। ਹੁਣ ਗੱਲਬਾਤ 18 ਦਿਨਾਂ ਤੋਂ ਬੰਦ ਹੈ। ਉਥੇ ਹੀ ਧਰਨੇ ਵਾਲੀਆਂ ਥਾਵਾਂ ਤੋਂ ਕਿਸੇ ਨਾ ਕਿਸੇ ਕਿਸਾਨ ਦੀ ਮੌਤ ਹੋ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਫਿਰ ਸਿੰਘੂ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ 65 ਸਾਲਾ ਬਜ਼ੁਰਗ ਕਿਸਾਨ ਮੋਗਾ ਪਿੰਡ ਦਾ ਰਹਿਣ ਵਾਲਾ ਸੀ ਉਸ ਦੀ ਪਛਾਣ ਦਰਸ਼ਨ ਸਿੰਘ ਵਸੀ ਰੌਲੀ ਪਿੰਡ ਵਜੋਂ ਹੋਈ ਹੈ। ਉਹ ਬੀਕੇਯੂ (ਕਾਦੀਆਂ) ਦਾ ਸਰਗਰਮ ਵਰਕਰ ਸੀ। ਕਿਸਾਨ ਸਿੰਘੂ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ‘ਤੇ ਬੈਠਾ ਸੀ। ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਦੇ ਸੱਤ ਕਿਸਾਨਾਂ ਦੀ ਦਿੱਲੀ ਸਰਹੱਦ ‘ਤੇ ਮੌਤ ਹੋ ਗਈ ਹੈ। ਉਸ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਬੁੱਧਵਾਰ ਨੂੰ ਉਸ ਦੇ ਪਿੰਡ ਪਹੁੰਚੇਗੀ।
ਦੱਸਣਯੋਗ ਹੈ ਕਿ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬਿਆਨਬਾਜ਼ੀ ਦੇ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਹੁਣ ਅੱਜ ਯਾਨੀ ਕਿ ਬੁੱਧਵਾਰ ਨੂੰ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਕਰੇਗਾ । ਕਿਸਾਨ ਮੋਰਚੇ ਦੀ ਇਸ ਮੀਟਿੰਗ ਵਿੱਚ ਸਮੂਹ ਸੰਗਠਨਾਂ ਦੇ ਆਗੂ ਹਿੱਸਾ ਲੈਣਗੇ। ਇਸ ਵਿੱਚ ਸਰਕਾਰ ਨਾਲ ਗੱਲਬਾਤ ਦਾ ਰਸਤਾ ਖੋਲ੍ਹਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ । ਇਸ ਮੀਟਿੰਗ ਵਿੱਚ ਜਿਹੜੇ ਫੈਸਲੇ ਲਏ ਜਾਣਗੇ ਉਨ੍ਹਾਂ ਨੂੰ ਬਾਕੀ ਕਿਸਾਨਾਂ ਨੂੰ ਦੱਸਿਆ ਜਾਵੇਗਾ ਅਤੇ ਉਸ ਨੂੰ ਦੇਖਦੇ ਹੋਏ ਅੱਗੇ ਅੰਦੋਲਨ ਚੱਲੇਗਾ। ਮੋਰਚੇ ਦੀ ਇਸ ਬੈਠਕ ਵਿੱਚ ਸਾਰਿਆਂ ਦੀ ਨਜ਼ਰ ਟਿੱਕੀ ਹੋਈ ਹੈ।