Moga police exposes dangerous : ਪੰਜਾਬ ਪੁਲਿਸ ਵੱਲੋਂ ਮੋਗਾ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਇੱਕ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਮੋਗਾ ਕਸਬੇ ਵਿੱਚ ਹਥਿਆਰਬੰਦ ਲੁੱਟਾਂ-ਖੋਹਾਂ ਅਤੇ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀਆਂ ਯੋਜਨਾਵਾਂ ਬਣਾ ਰਹੇ ਸਨ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਗਿਰੋਹ ਦੇ ਮੈਂਬਰਾਂ ਕੋਲੋਂ ਚੋਰੀ ਕੀਤੀ ਕਾਰ ਅਤੇ ਮੋਟਰਸਾਈਕਲ ਤੋਂ ਇਲਾਵਾ 2 ਦੇਸੀ ਪਿਸਤੌਲ 315 ਬੋਰ ਅਤੇ 32 ਬੋਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਦਾਤਾ, ਗੁਰਜੀਵਨ ਸਿੰਘ ਉਰਫ ਜੁਗਨੂੰ ਵਾਸੀ ਪਿੰਡ ਸਿੰਘਾਂਵਾਲਾ, ਧਰਮਕੋਟ ਦਾ ਅਕਾਸ਼ਦੀਪ ਸਿੰਘ ਉਰਫ ਮਨੀ, ਸਲੀਮ ਖਾਨ ਉਰਫ਼ ਸਿੰਮੂ, ਕ੍ਰਿਸ਼ਨ ਬਾਂਸਲ ਉਰਫ਼ ਗਗਨਾ ਅਤੇ ਮਨਵੀਰ ਸਿੰਘ ਉਰਫ਼ ਮਨੀ (ਸਾਰੇ ਵਾਸੀ ਮੌੜ ਮੰਡੀ) ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 399, 402 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰ. 160 ਪੁਲੀਸ ਥਾਣਾ ਮੋਗਾ ਵਿਖੇ ਦਰਜ ਕੀਤੀ ਗਈ ਹੈ।
ਮੁਲਜ਼ਮਾਂ ਕੋਲੋਂ ਇੱਕ ਰਿਟਜ਼ ਕਾਰ (ਪੀ.ਬੀ.-10-ਈ.ਏ.-4789) ਵੀ ਬਰਾਮਦ ਹੋਈ ਹੈ, ਜੋ ਉਨ੍ਹਾਂ ਨੇ ਕੁਲਵੰਤ ਸਿੰਘ ਨਾਮੀ ਵਿਅਕਤੀ ਕੋਲੋਂ ਪੁਲੀਸ ਥਾਣਾ ਦਾਖਾ ਅਧੀਨ ਪੈਂਦੇ ਇਲਾਕੇ ਵਿੱਚੋਂ ਖੋਹੀ ਸੀ। ਇਸਦੇ ਨਾਲ ਹੀ ਬਿਨਾਂ ਨੰਬਰ ਪਲੇਟ ਦੇ ਚੋਰੀ ਦਾ ਬਜਾਜ ਪਲਸਰ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪੁਰਾਣੀ ਅਨਾਜ ਮੰਡੀ, ਮੋਗਾ ਦੇ ਖੇਤਰ ਵਿੱਚ ਇੱਕ ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਕ ਚੌਲ ਵਪਾਰੀ ਦੇ ਏਜੰਟ ਰਾਜੇਸ਼ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਸਮਾਲਸਰ ਦੇ ਇਲਾਕੇ ਤੋਂ ਇੱਕ ਲਾਵਾਰਿਸ ਨੁਕਸਾਨੀ ਚਿੱਟੇ ਰੰਗ ਦੀ ਸਕਾਰਪੀਓ ਬਰਾਮਦ ਕੀਤੀ ਗਈ, ਜੋ ਕਿ ਗਿਰੋਹ ਦੇ ਮੈਂਬਰ ਸਵਰਨਜੀਤ ਸਿੰਘ ਦੀ ਸੀ। ਇਸ ਗਿਰੋਹ ਵੱਲੋਂ ਪਿਛਲੇ ਸਮੇਂ ਦੌਰਾਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਹਥਿਆਰਬੰਦ ਲੁੱਟਾਂ ਅਤੇ ਡਕੈਤੀਆਂ ਨੂੰ ਅਂਜਾਮ ਦਿੱਤਾ ਗਿਆ ਸੀ। ਪੁਲਿਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੀ ਸੀ।