Moosewala Firing Case : ਧੂਰੀ ਸਦਰ ਥਾਣੇ ’ਚ ਵਿਵਾਦਾਂ ਵਿਚ ਆਏ ਗਾਇਕ ਸਿੱਧੂ ਮੂਸੇਵਾਲਾ ਤੇ ਹੋਰਨਾਂ ਦੇ ਖਿਲਾਫ ਦਰਜ਼ ਕੇਸ ਵਿਚ ਸੰਗਰੂਰ ਅਦਾਲਤ ਦੇ ਐਡੀਸ਼ਨਲ ਜ਼ਿਲਾ ਤੇ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਵੱਲੋਂ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਤੇ 4 ਗੰਨਮੈਨਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲਾ ਦਿੱਤੀ ਗਈ ਹੈ। ਥਾਣਾ ਧੂਰੀ ਵਿਖੇ ਦਰਜ ਐਫਆਈਆਰ ਨੰਬਰ 170 ’ਚ, ਨਾਮਜ਼ਦ ਦੋਸ਼ੀਆਂ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ , ਗੰਨਮੈਨ ਬਲਕਾਰ ਸਿੰਘ, ਗੁਰਜਿੰਦਰ ਸਿੰਘ, ਜਸਵੀਰ ਸਿੰਘ ਤੇ ਹਰਵਿੰਦਰ ਸਿੰਘ ਵੱਲੋਂ ਪੇਸ਼ਗੀ ਜ਼ਮਾਨਤ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਸੀ।
ਜੰਗਸ਼ੇਰ ਸਿੰਘ ਦੇ ਵਕੀਲ ਐਮਐਸ ਟਿਵਾਣਾ ਅਤੇ ਗੰਨਮੈਨਾਂ ਦੇ ਵਕੀਲ ਸਮੀਰ ਕੁਮਾਰ ਫੱਤਾ ਨੇ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੂੰ ਜ਼ਮਾਨਤ ਦੇਣ ਲਈ ਦਲੀਲਾਂ ਪੇਸ਼ ਕੀਤੀਆਂ ਅਤੇ ਕਿਹਾ ਕਿ ਤੱਥਾਂ ਦੀ ਪੜਤਾਲ ਬਿਨਾਂ ਹੀ ਉਨ੍ਹਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ਅਧੀਨ ਮੁਲਜ਼ਮਾਂ ਵਿਰੁੱਧ ਵਕੀਲ ਨੇ ਪੇਸ਼ਗੀ ਜ਼ਮਾਨਤ ਦੇਣ ਦੀ ਅਪੀਲ ਕੀਤੀ। ਜਦੋਂ ਕਿ ਸਰਕਾਰੀ ਵਕੀਲ ਵੱਲੋਂ ਜ਼ਮਾਨਤ ਨਾ ਦੇਣ ਲਈ ਵੀ ਦਲੀਲਾਂ ਪੇਸ਼ ਕੀਤੀਆਂ ਗਈਆਂ। ਅਖੀਰ ਅਦਾਲਤ ਨੇ ਦੋਹਾਂ ਵਕੀਲਾਂ ਦੀਆਂ ਦਲੀਲਾਂ ’ਤੇ ਗੌਰ ਕਰਦਿਆਂ ਆਪਣਾ ਫੈਸਲਾ ਸੁਣਾਇਆ ਅਤੇ ਉਕਤ ਪੰਜ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ‘ਤੇ 9 ਜੂਨ ਤੱਕ ਰੋਕ ਲਗਾ ਦਿੱਤੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀਆਂ ਹਿਦਾਇਤਾਂ ‘ਤੇ ਦਰਜ ਕੀਤੇ ਗਏ ਹਨ। ਜਿਨ੍ਹਾਂ ਨੇ ਡੀਐਸਪੀ ਹੈਡਕੁਆਟਰ ਸੰਗਰੂਰ, ਦਲਜੀਤ ਸਿੰਘ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਵੀ ਦਿੱਤੇ ਸਨ। ਡੀਜੀਪੀ ਨੇ ਡੀਐਸਪੀ ਦੁਆਰਾ ਉਸ ਨਾਲ ਜੁੜੇ ਪੁਲਿਸ ਮੁਲਾਜ਼ਮਾਂ ਨੂੰ ਅਣਅਧਿਕਾਰਤ ਤੌਰ ‘ਤੇ ਸ਼ੂਟਿੰਗ ਰੇਂਜ ‘ਤੇ ਤਾਇਨਾਤ ਕਰਨ ਅਤੇ ਇਕ ਅਧਿਕਾਰੀ ਦੀ ਗਲਤ ਢੰਗ ਨਾਲ ਕਾਰਵਾਈ ਕਰਨ ਕਰਕੇ ਸਖਤ ਨੋਟਿਸ ਲਿਆ ਸੀ।