MP Kiran Kher discharged : ਚੰਡੀਗੜ੍ਹ : ਹੱਥ ਵਿੱਚ ਫਰੈਕਚਰ ਹੋਣ ਕਾਰਨ ਚੰਡੀਗੜ੍ਹ ਦੇ ਜੀਐਮਸੀਐਚ-32 ਵਿੱਚ ਦਾਖਲ ਸੰਸਦ ਮੈਂਬਰ ਕਿਰਨ ਖੇਰ ਨੂੰ ਅੱਜ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਹੁਣ ਸੰਸਦ ਮੈਂਬਰ ਕਿਰਨ ਖੇਰ ਦੀ ਸਿਹਤ ਠੀਕ ਹੈ, ਜਿਸ ਕਾਰਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ 15 ਦਿਨਾਂ ਬਾਅਦ ਰੁਟੀਨ ਚੈਕਅਪ ਲਈ ਬੁਲਾਇਆ ਗਿਆ ਹੈ। ਉਥੇ ਹੀ ਸੰਸਦ ਮੈਂਬਰ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਵੱਲੋਂ ਨਰਸਿੰਗ ਸਟਾਫ ਨਾਲ ਮਾੜਾ ਵਤੀਰਾ ਕਰਨ ਦੇ ਮਾਮਲੇ ਵਿੱਚ ਨਰਸਿੰਗ ਐਸੋਸੀਏਸ਼ਨ ਵੱਲੋਂ ਇਸ ਸੰਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੰਸਦ ਮੈਂਬਰ ਨੂੰ ਸ਼ੁੱਕਰਵਾਰ ਸਵੇਰੇ 11:30 ਵਜੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ -32 ਤੋਂ ਡਿਸਚਾਰਜ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਸਵੇਰੇ ਕਰੀਬ 11 ਵਜੇ ਸੰਸਦ ਮੈਂਬਰ ਕਿਰਨ ਖੇਰ ਦੇ ਘਰ ਡਿੱਗਣ ਕਾਰਨ ਉਸਦੇ ਹੱਥ ਵਿੱਚ ਫਰੈਕਚਰ ਹੋ ਗਿਆ ਸੀ, ਜਿਸ ਕਾਰਨ ਉਸਨੂੰ ਜੀਐਮਸੀਐਚ -32 ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਜੀਐਮਸੀਐਚ -32 ਦੇ ਸੀ ਬਲਾਕ ਦੀ ਸੱਤਵੀਂ ਮੰਜ਼ਲ ਦੇ ਪ੍ਰਾਈਵੇਟ ਵਾਰਡ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਹੱਥ ਦੀ ਸਰਜਰੀ ਜੀਐਮਸੀਐਚ -32 ਦੇ ਆਰਥੋਪੀਡਿਕਸ ਵਿਭਾਗ ਦੇ ਮੁੱਖ ਡਾਕਟਰ ਸੁਧੀਰ ਗਰਗ ਨੇ ਕੀਤੀ ਸੀ।
ਵੀਰਵਾਰ ਲਗਭਗ ਅੱਠ ਵਜੇ ਜਦੋਂ ਸੰਸਦ ਮੈਂਬਰ ਕਿਰਨ ਖੇਰ ਦੇ ਇਲਾਜ ਦੌਰਾਨ ਉਨ੍ਹਾਂ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਉਨ੍ਹਾਂ ਦੇ ਨਾਲ ਸੀ। ਜਦੋਂ ਸੰਸਦ ਮੈਂਬਰ ਨੂੰ ਸਰਜਰੀ ਤੋਂ ਬਾਅਦ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਤਾਂ ਇੱਕ ਮੇਲ ਨਰਸਿੰਗ ਅਧਿਕਾਰੀ ਹੇਮੰਤ ਦਰਮਿਆਨ ਉਸ ਦੀ ਬਹਿਸ ਹੋਈ। ਇਸ ‘ਤੇ ਐਮਪੀ ਦੇ ਰਾਜਨੀਤਿਕ ਸਲਾਹਕਾਰ ਨੇ ਮੇਲ ਨਰਸਿੰਗ ਅਫਸਰ ‘ਤੇ ਹੱਥ ਚੁੱਕ ਦਿੱਤਾ ਸੀ। ਇਹ ਮਾਮਲਾ ਜਦੋਂ ਜ਼ਿਆਦਾ ਹੀ ਭਖਿਆ ਤਾਂ ਜੀਐਮਸੀਐਚ -32 ਦੇ ਹਸਪਤਾਲ ਪ੍ਰਸ਼ਾਸਨ ਨੇ ਇਸ ਸੰਬੰਧੀ ਕਾਰਵਾਈ ਲਈ ਹਸਪਤਾਲ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਅੱਜ ਨਰਸਿਜ ਵੈਲਫੇਅਰ ਐਸੋਸੀਏਸ਼ਨ ਦੇ ਅਧਿਕਾਰੀ ਮੀਟਿੰਗ ਕਰ ਕੇ ਇਸ ਮਾਮਲੇ ‘ਤੇ ਫੈਸਲੇ ਕਰਨਗੇ।ਇਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਵੀ ਸ਼ਹਿਰ ਦੇ ਇੱਕ ਡਿਸਕੋ ‘ਚ ਸਲਾਰਿਆ ਨੇ ਬਰਥਡੇ ਪਾਰਟੀ ਰੱਖੀ ਸੀ।ਜਿਸ ‘ਚ ਗੋਲੀਆਂ ਚੱਲ ਗਈਆਂ ਸਨ।ਜਿਸ ਦੇ ਚੱਲਦਿਆਂ ਇਕ ਨੌਜਵਾਨ ਜਖਮੀ ਹੋਇਆ ਸੀ।ਇਸ ਮਾਮਲੇ ‘ਚ ਸਲਾਰਿਆ ਦਾ ਨਾਮ ਆਇਆ ਸੀ।ਇਹ ਮਾਮਲਾ ਅਜੇ ਵੀ ਚੱਲ ਰਿਹਾ ਹੈ।