Mukhtar Ansari recovers in 15 hours : ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਪਹੁੰਚਦਿਆਂ ਹੀ ਬਾਹੂਬਲੀ ਮੁਖਤਾਰ ਅੰਸਾਰੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਗਈਆਂ। ਉਸ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿਚ ਜਿਹੜੀਆਂ ਬਿਮਾਰੀਆਂ ਪ੍ਰੇਸ਼ਾਨ ਕਰ ਰਹੀਆਂ ਸਨ, ਉਹ ਸਾਰੇ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਵਿਚ ਉਹ ਸਭ ਕੁਝ ਠੀਕ ਨਿਕਲਿਆ। ਸ਼ੂਗਰ ਤੋਂ ਲੈ ਕੇ ਸਲਿੱਪ ਡਿਸਕਸ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਟੈਸਟ ਕਰਨ ਤੋਂ ਬਾਅਦ ਅੰਸਾਰੀ ਬਿਲਕੁਲ ਤੰਦਰੁਸਤ ਮੰਨਿਆ ਗਿਆ। ਕੁਲ ਮਿਲਾ ਕੇ ਪੰਜਾਬ ਮੈਡੀਕਲ ਬੋਰਡ ਦੀ ਰਿਪੋਰਟ ਯੂਪੀ ਜਾਂਦੇ ਹੀ ਢੇਰ ਹੋ ਗਈ।
ਪੰਜਾਬ ਮੈਡੀਕਲ ਬੋਰਡ ਦੀ ਮੈਡੀਕਲ ਰਿਪੋਰਟ ਵਿੱਚ ਮੁਖਤਾਰ ਅੰਸਾਰੀ ਨੂੰ 9 ਤੋਂ ਵੱਧ ਗੰਭੀਰ ਬਿਮਾਰੀਆਂ ਦੱਸੀਆਂ ਗਈਆਂ ਸਨ। ਰੋਪੜ ਤੋਂ ਬਾਂਦਾ ਜੇਲ੍ਹ ਤੱਕ ਲਗਭਗ 15 ਘੰਟੇ ਦੇ ਸਫਰ ਤੋਂ ਬਾਅਦ ਅੰਸਾਰੀ ਦੀ ਮੈਡੀਕਲ ਰਿਪੋਰਟ ਵਿੱਚ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਗੰਭੀਰ ਬੀਮਾਰੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਮੁਖਤਾਰ ਨੂੰ ਯੂਪੀ ਵਿਚ ਕਰਵਾਏ ਗਏ ਮੈਡੀਕਲ ਜਾਂਚ ਦੀ ਰਿਪੋਰਟ ਵਿਚ ਪੂਰੀ ਤਰ੍ਹਾਂ ਫਿਟ ਦੱਸਿਆ ਗਿਆ ਹੈ।
ਅਕਤੂਬਰ 2020 ਵਿਚ ਸੁਪਰੀਮ ਕੋਰਟ ਵਿਚ ਪੰਜਾਬ ਮੈਡੀਕਲ ਬੋਰਡ ਦੁਆਰਾ ਦਾਇਰ ਕੀਤੀ ਮੈਡੀਕਲ ਰਿਪੋਰਟ ਵਿਚ, ਮੁਖਤਾਰ ਨੂੰ ਕਈ ਗੰਭੀਰ ਬੀਮਾਰੀਆਂ ਹੋਣ ਬਾਰੇ ਕਿਹਾ ਗਿਆ ਸੀ। ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਮੁਖਤਾਰ ਅੰਸਾਰੀ ਨੂੰ ਸਲਿੱਪ ਡਿਸਕਸ, ਸ਼ੂਗਰ ਅਤੇ ਡਿਪਰੈਸ਼ਨ ਸਮੇਤ ਕਈ ਗੰਭੀਰ ਬਿਮਾਰੀਆਂ ਹਨ, ਇਸ ਲਈ ਉਸ ਨੂੰ ਤਿੰਨ ਮਹੀਨੇ ਦੀ ਬੈੱਡ ਰੈਸਟ ‘ਤੇ ਰੱਖਣ ਦੀ ਲੋੜ ਹੈ। ਰੋਪੜ ਜੇਲ੍ਹ ਅਧਿਕਾਰੀ ਇਸ ਮਾਮਲੇ ਵਿੱਚ ਹੁਣ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਜੇਲ੍ਹ ਅਧਿਕਾਰੀਆਂ ਅਨੁਸਾਰ ਮੁਖਤਾਰ ਦੀ ਡਾਕਟਰੀ ਜਾਂਚ ਨਿਯਮਾਂ ਅਨੁਸਾਰ ਕੀਤੀ ਗਈ ਸੀ। ਇਹ ਇਕ ਰੈਗੂਲਰ ਪ੍ਰਕਿਰਿਆ ਅਧੀਨ ਕੀਤਾ ਗਿਆ ਸੀ। ਮੈਡੀਕਲ ਬੋਰਡ ਦੇ ਇਰਾਦਿਆਂ ‘ਤੇ ਸਵਾਲ ਉਠਾਉਣਾ ਸਹੀ ਨਹੀਂ ਹੈ।
ਉੱਤਰ ਪ੍ਰਦੇਸ਼ ਦੀ ਬਾਂਦਾ ਰਵਾਨਗੀ ਤੋਂ ਪਹਿਲਾਂ ਮੁਖਤਾਰ ਦੇ ਕੋਰੋਨਾ ਟੈਸਟ ‘ਤੇ ਹੁਣ ਇਕ ਖਦਸ਼ਆ ਪੈਦਾ ਹੋ ਗਿਆ ਹੈ। ਸੋਮਵਾਰ ਸਵੇਰੇ ਹੋਏ ਕੋਰੋਨਾ ਟੈਸਟ ਦੀ ਰਿਪੋਰਟ ਮੰਗਲਵਾਰ ਦੁਪਹਿਰ ਲਗਭਗ 12 ਵਜੇ ਮਿਲੀ ਸੀ, ਜਦਕਿ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਆਉਣ ਵਿੱਚ 48 ਘੰਟੇ ਲੱਗਦੇ ਹਨ। ਜਾਣਕਾਰੀ ਅਨੁਸਾਰ ਮੁਖਤਾਰ ਦਾ ਕੋਰੋਨਾ ਟੈਸਟ ਸਾਵਧਾਨੀ ਵਜੋਂ ਬਾਂਦਾ ਵਿੱਚ ਹੋਰ ਮੈਡੀਕਲ ਟੈਸਟਾਂ ਦੇ ਨਾਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਉੱਤਰ ਪ੍ਰਦੇਸ਼ ਰਵਾਨਾ ਹੋਣ ਤੋਂ ਬਾਅਦ ਵੀ ਚਰਚਾ ਵਿੱਚ ਬਣਿਆ ਹੋਇਆ ਹੈ। ਰੋਪੜ ਜੇਲ ਤੋਂ ਆਪਣੀ ਰਵਾਨਗੀ ਦੌਰਾਨ ਅੰਸਾਰੀ ਜੇਲ੍ਹ ਵਿੱਚ ਲੱਗੇ ਸੇਵਾਦਾਰਾਂ ਨੂੰ ਹੱਕ ਅਦਾਇਗੀ ਵਜੋਂ ਬਖਸ਼ੀਸ਼ ਦੇ ਕੇ ਰਵਾਨਾ ਹੋਇਆ। ਰੋਪੜ ਜੇਲ੍ਹ ਪ੍ਰਸ਼ਾਸਨ ਇਸ ਦੇ ਪਿੱਛੇ ਦਲੀਲ ਦੇ ਰਿਹਾ ਹੈ ਕਿ ਇਹ ਪੈਸੇ ਮੁਖਤਾਰ ਅੰਸਾਰੀ ਦੇ ਸਨ, ਜੋ ਵਾਪਿਸ ਕਰ ਦਿੱਤੇ ਗਏ ਹਨ। ਹਾਲਾਂਕਿ, ਜੇਲ ਸੂਤਰਾਂ ਅਨੁਸਾਰ ਅੰਸਾਰੀ ਜਦੋਂ ਰੋਪੜ ਜੇਲ੍ਹ ਆਇਆ ਸੀ ਤਾਂ ਉਸ ਤੋਂ ਇਹ ਪੈਸੇ ਮਿਲੇ ਸਨ। ਉਹੀ ਪੈਸੇ ਜਾਂਦੇ ਸਮੇਂ ਅੰਸਾਰੀ ਨੂੰ ਦਿੱਤੇ ਗਏ ਸਨ।