ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਡਿਊਟੀ ਦੇ ਨਾਲ-ਨਾਲ ਬਾਹਰ ਲੋਕਾਂ ਦੀ ਮਦਦ ਵੀ ਕਰਦੇ ਹਨ। ਇਸੇ ਵਿਚਾਲੇ ਮੁੰਬਈ ਪੁਲਿਸ ਦੀ ਮਹਿਲਾ ਕਾਂਸਟੇਬਲ ਰੇਹਾਨਾ ਸ਼ੇਖ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।
ਇਸ ਵਾਰ ਉਹ ਬੱਚਿਆਂ ਦੀ ਮਦਦ ਕਰਨ ਦੇ ਕਾਰਨ ਚਰਚਾ ਵਿੱਚ ਆਈ ਹੈ। ਰੇਹਾਨਾ ਸ਼ੇਖ ਨੇ ਇੱਕ ਸਕੂਲ ਦੇ 50 ਬੱਚਿਆਂ ਨੂੰ ਗੋਦ ਲਿਆ ਹੈ ਜਿਸ ਨਾਲ ਉਨ੍ਹਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ ।
ਦਰਅਸਲ, 40 ਸਾਲਾਂ ਰੇਹਾਨਾ ਨੇ 50 ਬੱਚਿਆਂ ਦੀ 10ਵੀਂ ਤੱਕ ਦੀ ਪੜ੍ਹਾਈ ਦਾ ਖਰਚ ਚੁੱਕਿਆ ਹੈ। ਇਸ ਤੋਂ ਪਹਿਲਾਂ ਰੇਹਾਨਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ, ਪਲਾਜ਼ਮਾ, ਬਲੱਡ ਤੇ ਬੈੱਡ ਉਪਲੱਬਧ ਕਰਵਾਏ । ਪੁਲਿਸ ਅਫ਼ਸਰ ਹੋਣ ਦੇ ਨਾਲ ਹੀ ਰੇਹਾਨਾ ਸੋਸ਼ਲ ਵਰਕਰ ਤੇ ਇੱਕ ਐਥਲੀਟ ਵੀ ਹੈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਮੇਰੇ ਦੋਸਤ ਨੇ ਮੈਨੂੰ ਇੱਕ ਸਕੂਲ ਦੀਆਂ ਕੁਝ ਤਸਵੀਰਾਂ ਦਿਖਾਈਆਂ ਸਨ । ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਬੱਚਿਆਂ ਨੂੰ ਮੇਰੀ ਮਦਦ ਦੀ ਲੋੜ ਹੈ ਅਤੇ ਮੈਂ 50 ਬੱਚਿਆਂ ਨੂੰ ਗੋਦ ਲੈ ਲਿਆ।
ਮੈਂ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤੱਕ ਦਾ ਖਰਚਾ ਚੁੱਕਾਂਗੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖਤਾ ਦੀ ਮਿਸਾਲ ਪੇਸ਼ ਕਰਨ ਵਾਲੀ ਕਾਂਸਟੇਬਲ ਰੇਹਾਨਾ ਸ਼ੇਖ ਨੂੰ ਮੁੰਬਈ ਪੁਲਿਸ ਦੇ ਕਮਿਸ਼ਨਰ ਹੇਮੰਤ ਨਗਰਾਲੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ (NCPCR) ਨੇ 7 ਜੂਨ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ 5 ਜੂਨ ਤੱਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 30,071 ਬੱਚੇ ਅਨਾਥ ਹੋਏ ਸਨ । ਇਨ੍ਹਾਂ ਵਿਚੋਂ ਬਹੁਤੇ ਬੱਚੇ ਮਹਾਂਮਾਰੀ ਦੇ ਕਾਰਨ ਅਪਣੇ ਮਾਪਿਆਂ ਦੀ ਮੌਤ ਜਾਂ ਛੱਡ ਜਾਣ ਕਾਰਨ ਬੇਸਹਾਰਾ ਹੋਏ ਹਨ।