Nagar Kirtan will reach Zero : ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਸ੍ਰੀ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਅਧੀਨ ਅਖੰਡ ਪਾਠ ਦੇ ਭੋਗ ਤੋਂ ਬਾਅਦ ਇੱਕ ਨਗਰ ਕੀਰਤਨ ਸਜਾਇਆ ਜਾਏਗਾ। ਇਹ ਨਗਰ ਕੀਰਤਨ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਦੇ ਕੋਲ ਭਾਰਤ-ਪਾਕਿ ਸਰਹੱਦ ’ਤੇ ਜ਼ੀਰੋ ਲਾਈਨ ਤੱਕ ਰਖਿਆ ਜਾਏਗਾ। ਗੁਰਦੁਆਰਾ ਸਾਹਿਬ ਵਿਖੇ ਤਿੰਨ ਦਿਨਾ ਸਮਾਗਮ ਚੱਲਣਗੇ ਤੇ ਦੀਪਮਾਲਾ ਕੀਤੀ ਜਾਵੇਗੀ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾਏਗੀ, ਜੋਕਿ ਸਵੇਰੇ ਸਾਢੇ ਅੱਠ ਵਜੇ (ਪਾਕਿਸਤਾਨ ਸਮਾਂ) ਡੇਰਾ ਬਾਬਾ ਨਾਨਕ ਦੀ ਜ਼ੀਰੋ ਲਾਈਨ ਲਈ ਰਵਾਨਾ ਹੋ ਜਾਏਗਾ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨੀ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਵਿੱਚ ਭਾਰਤੀ ਸ਼ਰਧਾਲੂ ਇਸ ਸ਼ਾਮਲ ਨਹੀਂ ਹੋ ਸਕਣਗੇ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਈ ਸਤਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ ਤਾਂ ਜੋ ਇਸ ਤਿਉਹਾਰ ਵਿਚ ਭਾਰਤੀ ਸੰਗਤ ਨੂੰ ਸ਼ਾਮਲ ਕੀਤਾ ਜਾ ਸਕੇ। ਦੇਸ਼ ਦੀ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਗਰ ਕੀਰਤਨ ਕੌਮਾਂਤਰੀ ਸਰਹੱਦ ‘ਤੇ ਪਹੁੰਚਣਗੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਮਾਰਚ ਤੋਂ ਬੰਦ ਕੀਤਾ ਹੋਇਆ ਹੈ, ਜਦਕਿ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਮਹੀਨੇ ਗੁਰਦੁਆਰਾ ਕਰਤਾਪੁਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਤੋਂ ਲਾਂਘਾ ਖੋਲ੍ਹਣ ਦੀ ਮੰਗ ਵੀ ਕੀਤੀ ਹੈ।
ਸੰਭਾਵਨਾ ਹੈ ਕਿ ਮੰਗਲਵਾਰ ਨੂੰ ਜਦੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਨਗਰ ਕੀਰਤਨ ਪਾਕਿਸਤਾਨ ਵਾਲੇ ਪਾਸੇ ਜ਼ੀਰੋ ਲਾਈਨ ਪਹੁੰਚੇਗਾ ਤਾਂ ਡੇਰਾ ਬਾਬਾ ਨਾਨਕ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਦਰਸ਼ਨਾਂ ਲਈ ਪਹੁੰਚਣਗੀਆਂ। ਇਹ ਸੰਗਤ ਉਸ ਅਸਥਾਨ ‘ਤੇ ਪਹੁੰਚੇਗੀ ਜਿੱਥੋਂ ਸੰਗਤਾਂ ਦੂਰਬੀਨਾਂ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਦੱਸ ਦੇਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤੀ-ਜੋਤ ਦਿਹਾੜੇ ‘ਤੇ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਚੋਲਾ ਸਾਹਿਬ ਦੀ ਨਿਸ਼ਾਨਦੇਹੀ ਕੀਤੀ ਜਾਏਗੀ। ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 22 ਸਤੰਬਰ ਨੂੰ ਇਸ ਤਿਉਹਾਰ ਦਾ ਆਯੋਜਨ ਕਰਦੀ ਹੈ।