Naudip Kaur reached Gurdwara : ਚੰਡੀਗੜ੍ਹ : ਮਜ਼ਦੂਰ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਐਤਵਾਰ ਨੂੰ ਨਵੀਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਈ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦਾ ਰਹਿਣ ਵਾਲੀ 23 ਸਾਲਾ ਕਾਰਜਕਰਤਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸਨਮਾਨਿਤ ਕੀਤਾ।
ਦੱਸਣਯੋਗ ਹੈ ਕਿ ਨੋਦੀਪ ਕੌਰ ਨੂੰ 26 ਫਰਵਰੀ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਕਰਨਾਲ ਦੀ ਜੇਲ੍ਹ ਤੋਂ ਰਿਹਾਈ ਮਿਲੀ ਸੀ ਉਸ ਦਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਣੇ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ। ਉਸਨੇ ਕਿਹਾ ਸੋਨੀਪਤ ਪੁਲਿਸ ਵੱਲੋਂ ਮੈਨੂੰ ਅਤੇ ਸ਼ਿਵ ਕੁਮਾਰ ਦੋਵਾਂ ਨੂੰ ਤਸੀਹੇ ਦਿੱਤੇ ਗਏ। ਨੋਦੀਪ ਨੂੰ ਕੁੰਡਲੀ ਪੁਲਿਸ ਵੱਲੋਂ 12 ਜਨਵਰੀ ਨੂੰ ਸੋਨੀਪਤ ਜ਼ਿਲ੍ਹੇ ਵਿੱਚ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਨੌਦੀਪ ਕੌਰ ਲਈ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਆਵਾਜ਼ਾ ਉਠੀਆਂ ਸਨ, ਜਿਸ ਤੋਂ ਬਾਅਦ ਉਸ ਦੀ ਰਿਹਾਈ ਦੀ ਮੰਗ ਤੇਜ਼ ਹੋ ਗਈ ਸੀ। ਉਸ ਨੂੰ ਦੋ ਮਾਮਲਿਆਂ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ ਤੇ ਤੀਸਰੇ ਮਾਮਲੇ ਜੋਕਿ ਧਾਰਾ 307 ਅਧੀਨ ਇਰਾਦਾ-ਏ-ਕਤਲ ਤਹਿਤ ਦਰਜ ਕੀਤਾ ਗਿਆ ਸੀ, ਵਿੱਚ ਸ਼ੁੱਕਰਵਾਰ ਨੂੰ ਜ਼ਮਾਨਤ ਮਿਲੀ ਸੀ।
ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੁਲਿਸ ਵੱਲੋਂ ਨੋਦੀਪ ਕੌਰ ਨਾਲ ਕੀਤੀ ਗਈ ਕਾਰਵਾਈ ਸ਼ਰਮਸਾਰ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨੌਦੀਪ ਕੌਰ ਨਾਲ ਡੱਟ ਕੇ ਖੜ੍ਹੇ ਹਾਂ ਅਤੇ ਉਸ ਦੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹਂ ਜਦੋਂ ਨੌਦੀਪ ਕੌਰ ਦੀ ਆਵਾਜ਼ ਸੰਸਦ ਵਿੱਚ ਗੂੰਜੇਗੀ।