ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵਿਚਾਲੇ ਜਿਥੇ ਵਿਵਾਦ ਅਜੇ ਸੁਲਝਿਆਂ ਨਹੀਂ ਹੈ ਅਤੇ ਕੈਬਨਿਟ ਵਿੱਚ ਵੱਡੇ ਫੇਰਬਦਲ ਹੋਣ ਦੀਆਂ ਚਰਚਾਵਾਂ ਹੋ ਰਹੀਆਂ ਹਨ, ਉਥੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚ ਗਏ ਹਨ।
ਸੈਕਟਰ-39, ਚੰਡੀਗੜ੍ਹ ਵਿਖੇ ਸਥਿਤ ਸੁਖਜਿੰਦਰ ਰੰਧਾਵਾ ਦੇ ਘਰ ਇਕ ਵੱਡੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਸਿੱਧੂ ਦੇ ਨਾਲ ਸੁਖਜਿੰਦਰ ਰੰਧਾਵਾ ਦੇ ਘਰ ਤ੍ਰਿਪਤ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਧਾਇਕ ਅੰਗਦ ਸੈਣੀ, ਹਰਜੋਤ ਕਮਲ ਸੁੱਖ ਸਰਕਾਰੀਆ, ਪਰਗਟ ਸਿੰਘ, ਕੁਲਜੀਤ ਨਾਗਰਾ, ਕੁਸ਼ਲਦੀਪ ਢਿੱਲੋਂ, ਕੁਲਬੀਰ ਸਿੰਘ ਜੀਰਾ, ਬਰਿੰਦਰਮੀਤ ਪਾਹੜਾ ਵੀ ਮੌਜੂਦ ਹਨ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅੱਜ ਬਿਨਾਂ ਸੁਰੱਖਿਆ ਦੇ ਹੁੰਡਈ ਵਰਨਾ ਗੱਡੀ ਵਿੱਚ ਪਹੁੰਚੇ ਹਨ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਘਮਾਸਾਨ ਚੱਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਈ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਬੀਤੇ ਹਫਤਿਆਂ ਵਿੱਚ ਕੈਪਟਨ ਤੇ ਸਿੱਧੂ ਨੇ ਵੱਖ-ਵੱਖ ਕਾਂਗਰਸ ਨਾਲ ਗੱਲਬਾਤ ਕੀਤੀ। ਕਾਂਗਰਸ ਆਗੂ ਰਾਹੁਲ ਅਤੇ ਪ੍ਰਿਯੰਕਾ ਨਾਲ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਕੈਪਟਨ ਦੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ।
ਇਹ ਵੀ ਪੜ੍ਹੋ : ਰਾਣਾ ਸੋਢੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, HC ‘ਚ CBI ਜਾਂਚ ਨੂੰ ਲੈ ਕੇ ਜਨਹਿਤ ਪਟੀਸ਼ਨ ਦਾਇਰ
ਇਸ ਤੋਂ ਬਾਅਦ ਕੈਬਨਿਟ ਵਿੱਚ ਵੱਡੇ ਫੇਰਬਦਲ ਦੀ ਤਿਆਰੀ ਦੀ ਚਰਚਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਤਿੰਨ ਚੋਟੀ ਦੇ ਮੰਤਰੀਆਂ ਦੀ ਕੈਬਨਿਟ ਤੋਂ ਛੁੱਟੀ ਕਰ ਦਿੱਤੀ ਜਾਵੇਗੀ ਅਤੇ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਵੱਡਾ ਅਹੁਦਾ ਦੇਣ ਦਾ ਵਾਅਦਾ ਕੀਤਾ ਹੈ।