ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਿਸਾਨਾਂ ਵੱਲੋਂ ਮਨਾਏ ਜਾਣ ਵਾਲੇ ਕਾਲਾ ਝੰਡਾ ਦਿਵਸ ਦੇ ਸਮਰਥਨ ਵਿੱਚ ਐਲਾਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਸਿੱਧੂ ਨੇ ਆਪਣੀ ਪਤਨੀ ਨਾਲ ਆਪਣੀ ਕੋਠੀ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ।
ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਅਤੇ ਫਿਰ ਉਨ੍ਹਾਂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨਾਲ ਆਪਣੀ ਕੋਠੀ ‘ਤੇ ਝੰਡਾ ਲਹਿਰਾ ਕੇ ਕਿਸਾਨਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਨਾਲ ਪੰਜਾਬ ਦੀ ਕਿਰਸਾਨੀ ਖਤਮ ਹੋ ਜਾਵੇਗੀ। ਕਿਸਾਨਾਂ ‘ਤੇੇੇ ਕਰਜ਼ੇ ਵਧ ਰਹੇ ਹਨ ਅਤੇ ਆਮਦਨੀ ਖਤਮ ਹੋ ਰਹੀ ਹੈ। ਪੰਜਾਬ ਦੇ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਕਾਲੇ ਕਾਨੂੰਨਾਂ ਨਾਲ ਐਮਐਸਪੀ ‘ਤੇ ਫਸਲਾਂ ਦੀ ਖਰੀਦ ਯਕੀਨੀ ਨਹੀਂ ਹੋ ਸਕੇਗੀ।
ਇਹ ਕਾਲਾ ਝੰਡਾ ਇਨ੍ਹਾਂ ਕਾਲੇ ਕਾਨੂੰਨਾਂ ਤੇ ਇਸ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਸਿਸਟਮ ਨਹੀਂ ਬਦਲਦਾ, ਤੱਦ ਤੱਕ ਇਹ ਝੰਡਾ ਉਤਰੇਗਾ ਨਹੀਂ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਵੀ ਕਿਸਾਨਾਂ ਦੇ ਸਮਰਥਨ ਵਿੱਚ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ।
ਦੱਸ ਦੇਈਏ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਐਲਾਨ ਕੀਤਾ ਸੀ ਕਿ ਉਹ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼’ ਤੇ ਕਾਲਾ ਝੰਡਾ ਲਹਿਰਾਉਣਗੇ। ਇਸ ਤੋਂ ਇੱਕ ਦਿਨ ਪਹਿਲਾਂ ਹੀ ਝੰਡਾ ਲਹਿਰਾ ਕੇ ਕਿਸਾਨਾਂ ਦਾ ਸਮਰਥਨ ਕੀਤਾ।
ਸਿੱਧੂ ਨੇ ਲਿਖਿਆ ਸੀ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਂਦੇ ਜਾਂ ਰਾਜ ਸਰਕਾਰ ਫਸਲਾਂ ਦੀ ਖਰੀਦ ਅਤੇ ਐੱਮਐੱਸਪੀ ਨੂੰ ਭਰੋਸੇਮੰਦ ਬਣਾਉਣ ਦਾ ਹੱਲ ਨਹੀਂ ਲੱਭਦੀ, ਉਦੋਂ ਤਕ ਹਰ ਛੱਤ ‘ਤੇ ਕਾਲਾ ਝੰਡਾ ਲਾਇਆ ਜਾਵੇ। ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ। ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਧਰਨਾ ਨਾ ਦੇਣ ਦੀ ਅਪੀਲ ਕਰਨ ਤੋਂ ਅਗਲੇ ਹੀ ਦਿਨ ਸਿੱਧੂ ਨੇ ਇਹ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਬਲੈਕ ਫੰਗਸ ਦਾ ਕਹਿਰ- ਅੰਮ੍ਰਿਤਸਰ ’ਚ ਤਿੰਨ ਦੀ ਮੌਤ, ਮੁਕਤਸਰ ’ਚ ਇੱਕ ਦੀ ਕੱਢਣੀ ਪਈ ਅੱਖ
ਜ਼ਿਕਰਯੋਗ ਹੈ ਕਿ 26 ਮਈ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਵਿੱਚ ਧਰਨੇ ਦੇ 6 ਮਹੀਨੇ ਪੂਰਾ ਕਰਨਗੇ। ਕੇਂਦਰ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚਾ ਦਰਮਿਆਨ ਤਿੰਨ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਪਿਛਲੇ 4 ਮਹੀਨਿਆਂ ਤੋਂ ਬੰਦ ਹੈ। ਇਸ ਕਾਰਨ ਕਿਸਾਨਾਂ ਨੇ 26 ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।