Navy personnel from Mansa : ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਇਕ ਹੋਰ ਨੌਜਵਾਨ ਦੇ ਸ਼੍ਰੀਲੰਕਾ ਵਿਚ ਸ਼ਹੀਦ ਹੋਣ ਦੀ ਦੁੱਖ ਭਰੀ ਖਬਰ ਆਈ ਹੈ। ਇਥੇ ਬੋਹਾ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਉਡਤ ਸੈਦੇਵਾਲਾ ਵਿਚ ਰਹਿਣ ਵਾਲੇ ਨੇਵੀ ਵਿਚ ਤਾਇਨਾਤ 25 ਸਾਲਾ ਨੌਜਵਾਨ ਤਰੁਣ ਸ਼ਰਮਾ ਪੁੱਤਰ ਪਵਨ ਸ਼ਰਮਾ ਬੀਤੇ ਦਿਨ ਸ਼੍ਰੀਲੰਕਾ ਦੇ ਸਮੁੰਦਰ ’ਚ ਆਏ ਤੂਫਾਨ ਦੌਰਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਨੇਵੀ ਦਾ ਸਮੁੰਦਰੀ ਜਹਾਜ਼ ਤਾਮਿਲਨਾਡੂ ਅਤੇ ਸ਼੍ਰੀਲੰਕਾ ਵਿਚਕਾਰ ਪੈਂਦੀ ਸਮੁੰਦਰੀ ਬੰਦਰਗਾਹ ਕੁਰਮ ਕਰਾਮ ’ਤੇ ਠਹਿਰਿਆ ਹੋਇਆ ਸੀ। ਸਮੁੰਦਰ ਵਿਚ ਆਏ ਤੂਫਾਨ ਦੌਰਾਨ ਨੇਵੀ ਜਵਾਨ ਤਰੁਣ ਸ਼ਰਮਾ ਉਸ ਵਿਚ ਘਿਰ ਗਿਆ ਤੇ ਉਸ ਦਾ ਸਿਰ ਪੱਥਰ ਵਿਚ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸ ਦੀ ਮ੍ਰਿਤਕ ਦੇਹ ਕੱਲ੍ਹ ਵੀਰਵਾਰ ਨੂੰ ਉਸ ਦੇ ਪਿੰਡ ਪਹੁੰਚ ਸਕਦੀ ਹੈ, ਜਿਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਜਿਵੇਂ ਹੀ ਜਵਾਨ ਦੇ ਪਿੰਡ ਵਿਚ ਉਸ ਦੇ ਸ਼ਹੀਦ ਹੋਣ ਦੀ ਖਬਰ ਪਹੁੰਚੀ ਤਾਂ ਉਥੇ ਸੋਗ ਦੀ ਲਹਿਰ ਛਾ ਗਈ। ਜਵਾਨ ਦੇ ਸ਼ਹੀਦ ਹੋਣ ’ਤੇ ਐਸਐਸਪੀ ਮਾਨਸਾ ਡਾ. ਨਰਿੰਦਰ ਭਾਰਗਵ, ਡੀਐਸਪੀ ਬਲਜਿੰਦਰ ਕੁਮਾਰ ਪੰਨੂੰ ਨੇ ਦੁੱਖ ਪ੍ਰਗਟਾਉਂਦੇ ਹੋਏ ਜਵਾਨ ਦੇ ਪਰਿਵਾਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।