Navy ship 698 evacuees: ਮਾਲੇ: ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਕੀਤੇ ਲਾਕ ਡਾਊਨ ਦੇ ਚੱਲਦਿਆਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ । ਸਰਕਾਰ ਨੇ ਵੰਦੇ ਮਾਤਰਮ ਦੇ ਤਹਿਤ ਵਿਦੇਸ਼ਾਂ ਤੋਂ ਭਾਰਤ ਪਰਤਣ ਦੀ ਇੱਛਾ ਜਤਾਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਰਹੀ ਹੈ । ਮਿਸ਼ਨ ਸਮੁੰਦਰ ਸੇਤੁ ਤਹਿਤ ਮਾਲਦੀਵ ਤੋਂ ਭਾਰਤੀਆਂ ਨੂੰ ਸਮੁੰਦਰ ਦੇ ਰਸਤੇ ਵਾਈਸ ਲਿਆਂਦਾ ਜਾ ਰਿਹਾ ਹੈ । ਮਾਲੇ ਤੋਂ 698 ਭਾਰਤੀਆਂ ਨੂੰ ਲੈ ਕੇ ਭਾਰਤੀ ਨੇਵੀ ਦਾ INS ਜਲਾਸ਼ਵ ਰਵਾਨਾ ਹੀ ਚੁੱਕਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮਾਲਦੀਵ ਵਿੱਚ ਰਹਿਣ ਵਾਲੇ ਲਗਭਗ 27 ਹਜ਼ਾਰ ਭਾਰਤੀਆਂ ਵਿਚੋਂ 4500 ਲੋਕਾਂ ਨੇ ਆਪਣੇ ਵਤਨ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਹੈ । ਸੰਕਟ ਦੇ ਸਮੇਂ ਭਾਰਤ ਨੇ ਹਮੇਸ਼ਾ ਵੱਖ-ਵੱਖ ਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਦਰਅਸਲ, ‘ਸਮੁੰਦਰ ਸੇਤੂ’ ਤਹਿਤ ਇਹ ਪਹਿਲੀ ਯਾਤਰਾ ਹੈ, ਜਿੱਥੋਂ ਭਾਰਤੀ ਆਪਣੇ ਦੇਸ਼ ਪਰਤਣਗੇ । ਇੰਡੀਅਨ ਨੇਵੀ ਅਨੁਸਾਰ ਮਾਲੇ ਤੋਂ ਚੱਲੇ INS ਜਲਾਸ਼ਵ ਵਿੱਚ 698 ਵਿਅਕਤੀਆਂ ਨੂੰ ਲਿਆਂਦਾ ਜਾ ਰਿਹਾ ਹੈ । ਇਸ ਵਿੱਚ 19 ਗਰਭਵਤੀ ਔਰਤਾਂ ਵੀ ਸ਼ਾਮਿਲ ਹਨ ।ਇਸ ਦੇ ਨਾਲ ਹੀ ਕੁੱਲ 698 ਯਾਤਰੀਆਂ ਵਿਚੋਂ 595 ਪੁਰਸ਼ ਅਤੇ 103 ਔਰਤਾਂ ਹਨ।
ਦੱਸ ਦੇਈਏ ਕਿ ਮਾਲਦੀਵ ਵਿੱਚ ਹਜ਼ਾਰਾਂ ਭਾਰਤੀ ਛੁੱਟੀਆਂ ਬਿਤਾਉਣ ਜਾਂਦੇ ਹਨ, ਜਿਸ ਨਾਲ ਉਥੇ ਭਾਰਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ । ਇੱਥੇ 800 ਕਿਲੋਮੀਟਰ ਦੀ ਦੂਰੀ ਵਿੱਚ ਫੈਲੇ 200 ਟਾਪੂਆਂ ‘ਤੇ ਭਾਰਤ ਦੇ ਲੋਕ ਰਹਿੰਦੇ ਹਨ । ਫਿਲਹਾਲ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਮਾਲੇ ਵਿੱਚ ਲਾਕ ਡਾਊਨ ਲਾਗੂ ਹੈ । ਜਿਸ ਕਾਰਨ ਲੋਕਾਂ ਨੂੰ ਲਿਆਉਣ ਲਈ ਪਹਿਲਾਂ ਉਨ੍ਹਾਂ ਦੀ ਸਕ੍ਰੀਨਿੰਗ ਅਤੇ ਹੋਰ ਜ਼ਰੂਰੀ ਜਾਂਚ ਕੀਤੀ ਗਈ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਹਾਜ਼ ‘ਤੇ ਚੜਾਇਆ ਗਿਆ ਹੈ ।
ਸੂਤਰਾਂ ਅਨੁਸਾਰ INS ਜਲਾਸ਼ਵ ਅਤੇ INS ਮਗਰ ਦੀ ਮਦਦ ਨਾਲ ਮਾਲਦੀਵ ਵਿੱਚ ਰਹਿ ਰਹੇ ਤਕਰੀਬਨ 1800 ਤੋਂ 2000 ਲੋਕਾਂ ਨੂੰ ਵਾਪਸ ਲਿਆਏਗਾ । ਇਸ ਦੇ ਲਈ ਨੇਵੀ ਦੇ ਜਹਾਜ਼ਾਂ ਨੂੰ ਕੋਚੀ ਅਤੇ ਤੂਤੀਕੋਰਿਨ ਦੇ ਲਈ ਦੋ-ਦੋ ਚੱਕਰ ਲਗਾਉਣੇ ਪੈਣਗੇ । ਵਤਨ ਵਾਪਸੀ ਵਿੱਚ ਸਭ ਤੋਂ ਜ਼ਿਆਦਾ ਪਹਿਲ ਜ਼ਰੂਰਤਮੰਦ ਲੋਕਾਂ ਨੂੰ ਹੀ ਦਿੱਤੀ ਜਾ ਰਹੀ ਹੈ । ਦੱਸ ਦਈਏ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ 15 ਮਈ ਤੋਂ ਸ਼ੁਰੂ ਹੋਵੇਗਾ ।