New cases of Corona found : ਕੋਰੋਨਾ ਵਾਇਰਸ ਦੇ ਚੰਡੀਗੜ੍ਹ ਤੇ ਜਲੰਧਰ ਵਿਚ ਮਾਮਲੇ ਅਜੇ ਵੀ ਵਧ ਰਹੇ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਚਾਰ ਅਤੇ ਜਲੰਧਰ ਵਿਚ ਤਿੰਨ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ’ਚ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਬਾਪੂਧਾਮ ਕਾਲੋਨੀ ਨਾਲ ਸਬੰਧਤ ਹਨ। ਨਵੇਂ ਮਰੀਜ਼ਾਂ ਵਿਚ 29 ਸਾਲ ਦੀ ਇਕ ਔਰਤ, 48 ਸਾਲ ਦਾ ਮਰਦ, 26 ਸਾਲ ਦਾ ਨੌਜਵਾਨ, 60 ਸਾਲਾਂ ਦੀ ਇਕ ਬਜ਼ੁਰਗ ਔਰਤ ਅਤੇ 10 ਸਾਲਾਂ ਦੇ ਬੱਚੇ ਦਿ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਬਾਪੂਧਾਮ ਕਾਲੋਨੀ ਵਿਚ ਕੁਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 127 ਹੋ ਗਈ ਹੈ, ਜਦੋਂਕਿ ਜੇਕਰ ਸ਼ਹਿਰ ਦੀ ਗੱਲ ਕਰੀਏ ਤਾਂ ਕੁਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 196 ਤੱਕ ਪਹੁੰਚ ਗਿਆ ਹੈ।
ਉਧਰ ਜਲੰਧਰ ਵਿਚ ਵੀ ਬੀਤੇ ਦਿਨ ਵਿਦੇਸ਼ ਤੋਂ ਆਏ ਦੋ ਵਿਅਕਤੀਆਂ ਸਣੇ ਤਿੰਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ.ਪੀ. ਸਿੰਘ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਨੂੰ ਜਿਨ੍ਹਾਂ ਤਿੰਨ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ ਵਿਚ ਇਕ ਕਿਲਾ ਮੁਹੱਲਾ ਦਾ ਰਹਿਣ ਵਾਲਾ 24 ਸਾਲ ਦਾ ਨੌਜਵਾਨ ਹੈ, ਜੋ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਿਚ ਸੀ ਅਤੇ ਬਾਕੀ ਦੋ ਮਰੀਜ਼ਾਂ ’ਚੋਂ ਇਕ 28 ਸਾਲ ਦਾ ਨੌਜਵਾਨ ਅਤੇ ਦੂਸਰਾ 39 ਸਾਲ ਦਾ ਵਿਅਕਤੀ ਹੈ।
ਇਹ ਦੋਵੇਂ ਬੀਤੇ ਦਿਨੀਂ ਵਿਦੇਸ਼ ਤੋਂ ਆਏ ਸਨ ਅਤੇ ਉਨ੍ਹਾਂ ਵਿਚੋਂ ਇਕ ਵਿਅਕਤੀ ਗੋਰਾਇਆ ਅਤੇ ਦੂਜਾ ਜਲੰਧਰ ਦੇ ਇਕ ਹੋਟਲ ਵਿਚ ਕੁਆਰੰਟਾਈਨ ਕੀਤਾ ਗਿਆ ਸੀ। ਵਿਭਾਗ ਨੇ ਦੋਵਾਂ ਦੇ ਸੈਂਪਲ ਸਾਵਧਾਨੀ ਵਜੋਂ ਲਏ ਸਨ, ਜਿਨ੍ਹਾਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਆਇਆ ਹੈ। ਇਨ੍ਹਾਂ ਨਵੇਂ ਮਰੀਜ਼ਾਂ ਦੇ ਮਿਲਣ ਨਾਲ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਹੁਣ 214 ਹੋ ਗਈ ਹੈ, ਜਦਕਿ 151 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ 12 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।