New Corona cases : ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਥੇ ਰੋਜ਼ਾਨਾ ਇਸ ਦੇ ਮਾਮਲਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ। ਇਸ ਮਹਾਮਾਰੀ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਣੇ ਆਈ ਹੈ, ਜਿਸ ਨਾਲ ਹੁਣ ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 72 ਹੋ ਗਈ ਹੈ। ਉਥੇ ਹੀ ਇਸ ਦੇ 44 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2851 ਹੋ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ 55 ਬਜ਼ੁਰਗ ਦੀ ਮੌਤ ਹੋ ਗਈ, ਜੋਕਿ ਬਸਤੀ ਦਾਨਿਸ਼ਮੰਦਾ ਦਾ ਰਹਿਣ ਵਾਲਾ ਸੀ। ਮਰੀਜ਼ ਨੂੰ ਤਿੰਨ ਦਿਨ ਪਹਿਲਾਂ ਸ਼ੂਗਰ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਕਰਕੇ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈਸੀ। ਉਥੇ ਹੀ ਹੁਣ ਤੱਕ ਦੇ ਰਿਕਾਰਡਤੋੜ 121 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚ ਸਿਵਲ ਹਸਪਤਾਲ ਦੀ ਸਟਾਫ ਨਰਸ ਅਤੇ ਪੀਏਪੀ ਦੇ ਤਿੰਨ ਜਵਾਨ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਵਿਦੇਸ਼ ਤੋਂ ਆਏ ਤਿੰਨ ਐਨਆਰਆਈ ਤੇ ਦੋ ਹੋਰ ਸੂਬਿਆਂ ਤੋਂ ਆਏ ਲੋਕ ਅਤੇ ਦੋ ਗਰਭਵਤੀ ਔਰਤਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ। ਇਸ ਤੋਂ ਇਲਾਵਾ ਗੁਰੂ ਰਾਮਦਾਸ ਨਗਰ ਵਿਚ ਪੰਜ, ਬਸਤੀ ਸ਼ੇਖ, ਸ਼ਿਵਰਾਜ ਗੜ੍ਹ ਸਮਰਾਏ, ਨਕੋਦਰ ਅਤੇ ਨੂਰਮਹਿਲ ਵਿਚ ਚਾਰ-ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਉਥੇ ਹੀ ਬੀਤੇ ਦਿਨ ਸਿਹਤ ਕੇਂਦਰਾਂ ਤੋਂ 50 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵਿਚ ਆਈਸੋਲੇਸ਼ਨ ਲਈ ਭੇਜਿਆ ਗਿਆ।