New SSP suspends ASI and Head Constable : ਮੁਹਾਲੀ ਦੇ ਨਵੇਂ ਐਸਐਸਪੀ ਸਤਿੰਦਰ ਸਿੰਘ ਨੇ ਚਾਰਜ ਸੰਭਾਲਦੇ ਹੀ ਮੁਹਾਲੀ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਸਸਪੈਂਡ ਕਰ ਦਿੱਤਾ ਹੈ ਅਤੇ ਇਨ੍ਹਾਂ ਖਿਲਾਫ ਵਿਭਾਗੀ ਇਨਕੁਆਰੀ ਖੋਲ੍ਹ ਦਿੱਤੀ ਹੈ, ਜਦੋਂ ਕਿ ਇੱਕ ਸਬ-ਇੰਸਪੈਕਟਰ ਵਾਇਰਲੈੱਸ ਇੰਚਾਰਜ ਖਿਲਾਫ ਕਾਰਵਾਈ ਕਰਨ ਲਈ ਨੂੰ ਏਡੀਜੀਪੀ ਨੂੰ ਲਿਖਤੀ ਤੌਰ ’ਤੇ ਭੇਜਿਆ ਗਿਆ ਹੈ। ਸਸਪੈਂਡ ਕੀਤੇ ਮੁਲਾਜ਼ਮਾਂ ਵਿੱਚ ਏਐਸਆਈ ਦੌਲਤ ਸਿੰਘ ਅਤੇ ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਸ਼ਾਮਲ ਹਨ।
ਚੰਡੀਗੜ੍ਹ ਨਿਵਾਸੀ ਗੁਰਤੇਜ ਸਿੰਘ ਪੰਨੂੰ ਨੇ ਦੱਸਿਆ ਕਿ ਉਸਨੇ ਸੈਕਟਰ -70 ਮੁਹਾਲੀ ਵਿੱਚ ਆਪਣੇ ਨਵੇਂ ਖੁੱਲ੍ਹੇ ਇਮੀਗ੍ਰੇਸ਼ਨ ਦਫ਼ਤਰ ਲਈ ਡੀ ਸੀ ਦਫ਼ਤਰ ਵਿਖੇ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਜਿਸਦੀ ਵੈਰੀਫਿਕੇਸ਼ਨ ਲਈ ਦੌਲਤ ਸਿੰਘ ਅਤੇ ਸੁਰਿੰਦਰ ਸਿੰਘ ਉਸ ਦੇ ਦਫਤਰ ਆਏ ਅਤੇ ਜਲਦੀ ਆਪਣਾ ਲਾਇਸੈਂਸ ਕਰਵਾਉਣ ਦੇ ਨਾਮ ‘ਤੇ ਡੋਢ ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਉਸਦੀ ਵੈਰੀਫਿਕੇਸ਼ਨ ਗਲਤ ਕਰਵਾਉਣ ਦੀ ਧਮਕੀ ਦਿੱਤੀ। ਉਸਨੇ ਇਸ ਸੰਬੰਧੀ ਐਸਐਸਪੀ ਸਤਿੰਦਰ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ।
ਤੁਰੰਤ ਕਾਰਵਾਈ ਕਰਦਿਆਂ ਐਸਐਸਪੀ ਨੇ ਉਪਰੋਕਤ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਏਡੀਜੀਪੀ ਦਫ਼ਤਰ ਵਿੱਚ ਤਾਇਨਾਤ ਵਾਇਰਲੈੱਸ ਇੰਚਾਰਜ ਸੁਨੀਲ ਵੀ ਇਸ ਕੇਸ ਵਿੱਚ ਸ਼ਾਮਲ ਸੀ। ਵਿਭਾਗ ਵਿੱਚ ਤਬਦੀਲੀ ਹੋਣ ਕਾਰਨ ਐਸਐਸਪੀ ਨੇ ਏਡੀਜੀਪੀ ਨੂੰ ਇੱਕ ਲਿਖਤੀ ਪੱਤਰ ਪੁਲੀਸ ਅਧਿਕਾਰੀ ਸੁਨੀਲ ਖ਼ਿਲਾਫ਼ ਕਾਰਵਾਈ ਲਈ ਭੇਜਿਆ ਹੈ। ਦੱਸਣਯੋਗ ਹੈ ਕਿ ਐਸਐਸਪੀ ਸਤਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਮੋਹਾਲੀ ਵਿੱਚ ਆਪਣਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਦੇ ਐਸਐਸਪੀ ਵਜੋਂ ਤਾਇਨਾਤ ਸਨ। ਉਹ 1990 ਵਿੱਚ ਪੰਜਾਬ ਪੁਲਿਸ ਦੇ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਏ ਸਨ।